ਨਰਮੇ ਦੇ ਭਾਅ 'ਚ 557 ਰੁਪਏ ਅਤੇ ਮੱਕੀ ਦੇ ਭਾਅ 'ਚ 10 ਰੁਪਏ ਦਾ ਵਾਧਾ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਸਾਨਾਂ ਲਈ ਵੱਡਾ ਫੈਸਲਾ ਲੈਂਦਿਆਂ ਸਾਲ 2026-27 ਦੇ ਸਾਉਣੀ ਮੰਡੀਕਰਨ ਸੀਜ਼ਨ ਲਈ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤਹਿਤ ਝੋਨੇ ਦੀ ਐਮ.ਐਸ.ਪੀ. ਵਿੱਚ 72 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹੁਣ ਝੋਨੇ ਦੀ ਕੀਮਤ 2,441 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਦੀ ਮੀਟਿੰਗ ਵਿੱਚ ਫ਼ਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨ ਲਈ ਤੇਲ ਦੇ ਬੀਜਾਂ ਅਤੇ ਦਾਲਾਂ ਦੇ ਭਾਅ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ। ਸੂਰਜਮੁਖੀ ਦੇ ਬੀਜਾਂ ਵਿੱਚ ਸਭ ਤੋਂ ਵੱਧ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਨਵੀਂ ਕੀਮਤ 8,343 ਰੁਪਏ ਹੋ ਗਈ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ, ‘‘ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ 'ਤੇ ਘੱਟੋ-ਘੱਟ 50 ਫੀਸਦੀ ਮੁਨਾਫਾ ਮਿਲੇ।’’ ਉਨ੍ਹਾਂ ਅੱਗੇ ਦੱਸਿਆ, ‘‘ਮੂੰਗੀ ਦੀ ਫ਼ਸਲ 'ਤੇ ਸਭ ਤੋਂ ਵੱਧ 61 ਫੀਸਦੀ ਮਾਰਜਿਨ ਦਿੱਤਾ ਜਾ ਰਿਹਾ ਹੈ, ਜਦਕਿ ਬਾਜਰਾ ਅਤੇ ਮੱਕੀ 'ਤੇ 56 ਫੀਸਦੀ ਮਾਰਜਿਨ ਤੈਅ ਕੀਤਾ ਗਿਆ ਹੈ।’’
ਹੋਰ ਮੁੱਖ ਫ਼ਸਲਾਂ ’ਚ ਕਪਾਹ (ਦਰਮਿਆਨਾ ਰੇਸ਼ਾ) ਦੀ ਕੀਮਤ 557 ਰੁਪਏ ਵਧ ਕੇ 8,267 ਰੁਪਏ, ਅਰਹਰ (ਤੂਅਰ) ਦੀ ਕੀਮਤ 450 ਰੁਪਏ ਵਧ ਕੇ 8,450 ਰੁਪਏ ਅਤੇ ਮੱਕੀ ਦੀ ਕੀਮਤ 10 ਰੁਪਏ ਵਧ ਕੇ 2,410 ਰੁਪਏ ਹੋ ਗਈ ਹੈ।
ਇਸ ਦੌਰਾਨ ਭਾਰਤੀ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ (IVPA) ਦੇ ਪ੍ਰਧਾਨ ਸੁਧਾਕਰ ਦੇਸਾਈ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ, ‘‘ਤੇਲਬੀਜਾਂ ਦੀ ਐਮ.ਐਸ.ਪੀ. ਵਿੱਚ ਵਾਧਾ ਸ਼ਲਾਘਾਯੋਗ ਹੈ, ਪਰ ਸਰਕਾਰ ਨੂੰ ਇੱਕ ਸਥਿਰ ਆਯਾਤ ਡਿਊਟੀ ਢਾਂਚੇ ਦੀ ਵੀ ਲੋੜ ਹੈ।’’
ਸਰਕਾਰ ਦਾ ਅਨੁਮਾਨ ਹੈ ਕਿ ਇਸ ਵਾਧੇ ਨਾਲ ਖ਼ਜ਼ਾਨੇ 'ਤੇ 2.60 ਲੱਖ ਕਰੋੜ ਰੁਪਏ ਦਾ ਬੋਝ ਪਵੇਗਾ। ਇਹ ਫੈਸਲਾ ਜੂਨ ਮਹੀਨੇ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਗਮਨ ਦੇ ਨਾਲ ਹੀ ਸ਼ੁਰੂ ਹੋਣ ਵਾਲੀ ਬਿਜਾਈ ਤੋਂ ਪਹਿਲਾਂ ਲਿਆ ਗਿਆ ਹੈ ਤਾਂ ਜੋ ਕਿਸਾਨ ਆਪਣੀ ਫ਼ਸਲ ਦੀ ਚੋਣ ਸਮਝਦਾਰੀ ਨਾਲ ਕਰ ਸਕਣ।
