ਆਪਣੇ ਪਤੀ ਖਿਲਾਫ਼ ਕੀਤਾ ਜਾ ਰਿਹਾ ਸੰਘਰਸ਼, ਨਿਹੰਗ ਸਿੰਘ ਜਥੇਬੰਦੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ
ਬਰਨਾਲਾ: ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੋੜ ਦੇ ਪਿੰਡ ਰੂੜੇਕੇ ਕਲਾਂ ਵਿੱਚ ਪਿਛਲੇ 11 ਦਿਨਾਂ ਤੋਂ ਗੁਰਸਿੱਖ ਅੰਮ੍ਰਿਤਧਾਰੀ ਮਾਵਾਂ ਧੀਆਂ ਪੈਟਰੋਲ ਦੀ ਬੋਤਲ ਲੈਕੇ ਪਿੰਡ ਦੀ ਪਾਣੀ ਦੀ ਟੈਂਕੀ ਤੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈਕੇ ਚੜੀ ਗੁਰਜੀਤ ਕੌਰ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਹੈ। ਗੁਰਜੀਤ ਕੌਰ ਦੇ ਪਤੀ ਦੇ ਪਹਿਲਾਂ ਵੀ 2 ਵਿਆਹ ਹੋ ਚੁੱਕੇ ਸਨ। ਪਰ ਉਹਨਾਂ ਦੀ ਪਹਿਲਾਂ ਕੋਈ ਔਲਾਦ ਨਹੀਂ ਸੀ। ਜਿਸ ਤੋਂ ਬਾਅਦ 21 ਸਾਲ ਪਹਿਲਾਂ ਗੁਰਜੀਤ ਕੌਰ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਸੀ। ਜਿੱਥੇ ਗੁਰਜੀਤ ਕੌਰ ਦੇ 18 ਸਾਲ ਦੀ ਇੱਕ ਬੇਟੀ ਮਨਵੀਰ ਕੌਰ ਅਤੇ 9 ਸਾਲ ਦਾ ਬੇਟਾ ਹੈ। ਉਹਦੇ ਪਤੀ 28 ਏਕੜ ਜਮੀਨ ਦਾ ਮਾਲਕ ਹੈ ਪਰ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਅਤੇ ਘਰੇਲੂ ਖਰਚਾ ਨਹੀਂ ਦੇ ਰਿਹਾ ਸੀ,ਜਿਸ ਤੋਂ ਬਾਅਦ ਮਾਮਲਾ ਪੁਲਿਸ ਪ੍ਰਸ਼ਾਸਨ ਅਤੇ ਮਾਨਯੋਗ ਅਦਾਲਤ ਵਿੱਚ ਵੀ ਚਲਾ ਗਿਆ। ਜਿੱਥੇ ਪੀੜਤ ਗੁਰਜੀਤ ਕੌਰ ਵੱਲੋਂ ਮਾਨਯੋਗ ਅਦਾਲਤ ਵਿੱਚ ਜ਼ਮੀਨ ਤੇ ਸਟੇਅ ਵੀ ਲਿਆਂਦੀ ਹੋਈ ਹੈ।
ਗੁਰਜੀਤ ਕੌਰ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਕੋਲ 28 ਏਕੜ ਜਮੀਨ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਦੇ ਦੋਵੇਂ ਬੱਚੇ ਖਰਚੇ ਅਤੇ ਪੜ੍ਹਾਈ ਲਈ ਤਰਸ ਰਹੇ ਹਨ। ਉਹਤੇ ਪਤੀ ਵੱਲੋਂ ਉਸ ਨੂੰ ਲਗਾਤਾਰ ਡਰਾਇਆ ਅਤੇ ਧਮਕਾਇਆ ਜਾ ਰਿਹਾ ਸੀ। ਜਿਸ ਤੋਂ ਦੁਖੀ ਹੋ ਕੇ ਮਾਵਾਂ ਧੀਆਂ ਪਿੰਡ ਰੂੜੇਕੇ ਕਲਾਂ ਦੀ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈਕੇ ਚੜ ਗਈਆਂ ਸਨ। ਜਿਨ੍ਹਾਂ ਨੂੰ ਅੱਜ ਗਿਆਰਵਾਂ ਦਿਨ ਹੈ।ਪਾਣੀ ਦੀ ਟੈਂਕੀ ਤੇ ਚੜੀਆਂ ਮਾਵਾਂ ਧੀਆਂ ਨੇ ਪੰਜਾਬ ਸਰਕਾਰ,ਪੁਲਿਸ ਪ੍ਰਸ਼ਾਸਨ, ਐਸਜੀਪੀਸੀ ਸਮੇਤ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਤੋਂ ਮੰਗ ਕਰਦੇ ਕਿਹਾ ਕਿ ਜਲਦ ਉਹਨਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ। ਪਾਣੀ ਦੀ ਟੈਂਕੀ ਤੇ ਚੜੀਆਂ ਸੰਘਰਸ਼ ਕਰ ਰਹੀਆਂ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਦੇ ਹੱਕ ਵਿੱਚ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰ ਨਰਦੇਵ ਸਿੰਘ ਨੇ ਵੀ ਪਿਛਲੇ 11 ਦਿਨਾਂ ਤੋਂ ਆਪਣੇ ਜਥੇ ਸਮੇਤ ਪਾਣੀ ਦੀ ਟੈਂਕੀ ਦੇ ਹੇਠਾਂ ਹੀ ਮੋਰਚਾ ਲਾਇਆ ਹੋਇਆ ਹੈ,ਜਿਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਇਸ ਮਾਮਲੇ ਸੰਬੰਧੀ ਜਦ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹਨਾਂ ਨੂੰ ਪਤਾ ਲੱਗਾ ਸੀ, ਉਨ੍ਹਾਂ ਇਸ ਮਾਮਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ।ਹੁਣ ਦੇਖਣਾ ਹੋਵੇਗਾ ਕਿ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਆਪਣੇ ਹਲਕੇ ਦੇ ਪਿੰਡ ਰੂੜੇਕੇ ਕਲਾਂ ਵਿੱਚ ਪਿਛਲੇ 11 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਮਾਵਾਂ ਧੀਆਂ ਨੂੰ ਇਨਸਾਫ ਕੱਦ ਦਵਾਉਣਗੇ। ਪਰ ਪਿਛਲੇ 11 ਦਿਨਾਂ ਵਿੱਚ ਭਾਰੀ ਬਰਸਾਤ ਅਤੇ ਹਨੇਰੀ ਸਮੇਂ ਵੀ ਮਾਂ-ਧੀ ਪਿੰਡ ਦੀ ਪਾਣੀ ਦੀ ਟੈਂਕੀ ਤੇ ਚੜ ਕੇ ਸੰਘਰਸ਼ ਕਰਦੀਆਂ ਨਜ਼ਰ ਆਈਆਂ।
