ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਸਮੇਂ ਸਿਰ ਸਮਾਪਤੀ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਾਜੈਕਟਾਂ ਦੀ ਹਫ਼ਤਾਵਾਰੀ ਸਮੀਖਿਆ ਕੀਤੀ ਜਾਵੇਗੀ।
ਚੰਡੀਗੜ੍ਹ:ਪੰਜਾਬ ਸਰਕਾਰ ਨੇ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ। ਖਰੜ, ਜ਼ੀਰਕਪੁਰ, ਡੇਰਾ ਬੱਸੀ, ਨਵਾਂਗਾਓਂ, ਬਨੂੜ, ਕੁਰਾਲੀ ਅਤੇ ਘੜੂੰਆਂ ਵਿੱਚ ਸੜਕਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਇਨ੍ਹਾਂ ਸੱਤ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਇਸ ਵੇਲੇ 250 ਕਿਲੋਮੀਟਰ ਤੋਂ ਵੱਧ ਸੜਕਾਂ ਦਾ ਨਿਰਮਾਣ ਜਾਰੀ ਹੈ। ਇਸ ਦੇ ਨਾਲ-ਨਾਲ ਮੁੱਖ ਸੜਕੀ ਕੋਰੀਡੋਰਾਂ ਦੇ ਸੁੰਦਰੀਕਰਨ ਦੇ ਕੰਮ ਵੀ ਕੀਤੇ ਜਾਣਗੇ ਤਾਂ ਜੋ ਆਵਾਜਾਈ ਸੁਗਮ ਹੋਣ ਦੇ ਨਾਲ ਸ਼ਹਿਰਾਂ ਦੀ ਦਿੱਖ ਅਤੇ ਰਹਿਣ-ਸਹਿਣ ਦਾ ਮਿਆਰ ਵੀ ਬਿਹਤਰ ਬਣ ਸਕੇ।
ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ 50 ਨਵੇਂ ਟਿਊਬਵੈੱਲ ਲਗਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਖਰੜ ਵਿੱਚ 15, ਜ਼ੀਰਕਪੁਰ ਅਤੇ ਨਵਾਂਗਾਓਂ ਵਿੱਚ 10-10, ਡੇਰਾ ਬੱਸੀ ਵਿੱਚ 5, ਲਾਲੜੂ ਵਿੱਚ 4, ਬਨੂੜ ਵਿੱਚ 3 ਅਤੇ ਕੁਰਾਲੀ ਵਿੱਚ ਇੱਕ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਸਫ਼ਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਸੀਵਰੇਜ ਦੀ ਸਫ਼ਾਈ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।
ਸ਼ਹਿਰੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕਈ ਮਹੱਤਵਪੂਰਨ ਸੜਕ ਪ੍ਰਾਜੈਕਟਾਂ ਨੂੰ ਤਰਜੀਹੀ ਆਧਾਰ ’ਤੇ ਅੱਗੇ ਵਧਾਇਆ ਜਾ ਰਿਹਾ ਹੈ। ਬਨੂੜ ਵਿੱਚ ਹਸਪਤਾਲ ਤੋਂ ਤੇਪਲਾ ਰੋਡ, ਕੁਰਾਲੀ ਵਿੱਚ ਰੇਲਵੇ ਰੋਡ, ਮੇਨ ਬਾਜ਼ਾਰ ਰੋਡ ਅਤੇ ਬਡਾਲੀ ਰੋਡ, ਜ਼ੀਰਕਪੁਰ ਵਿੱਚ ਸਿੰਘਪੁਰਾ ਵੱਲ ਅੰਬਾਲਾ-ਚੰਡੀਗੜ੍ਹ ਰੋਡ ਅਤੇ ਹਾਈ ਗਰਾਊਂਡ ਰੋਡ, ਖਰੜ ਵਿੱਚ ਹਸਪਤਾਲ ਰੋਡ ਅਤੇ ਗੋਪਾਲ ਸਵੀਟਸ ਨੇੜੇ ਮੇਨ ਏਅਰਪੋਰਟ ਰੋਡ, ਡੇਰਾ ਬੱਸੀ ਵਿੱਚ ਹੈਬਤਪੁਰ ਰੋਡ, ਨਵਾਂਗਾਓਂ ਵਿੱਚ ਕਰੋਰਾਂ ਰੋਡ ਅਤੇ ਨਾਡਾ ਰੋਡ ਅਤੇ ਲਾਲੜੂ ਵਿੱਚ ਬਨੂੜ-ਜਲਾਲਪੁਰ ਰੋਡ ਅਤੇ ਆਈ.ਟੀ.ਆਈ. ਤੋਂ ਕੌਲੀਮਾਜਰਾ ਰੋਡ ਦੇ ਕੰਮ ਅਗਲੇ 15 ਦਿਨਾਂ ਵਿੱਚ ਸ਼ੁਰੂ ਕੀਤੇ ਜਾਣਗੇ।
ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਸਮੇਂ ਸਿਰ ਸਮਾਪਤੀ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਾਜੈਕਟਾਂ ਦੀ ਹਫ਼ਤਾਵਾਰੀ ਸਮੀਖਿਆ ਕੀਤੀ ਜਾਵੇਗੀ। ਪ੍ਰਾਜੈਕਟਾਂ ਦੀ ਪ੍ਰਗਤੀ ’ਤੇ ਨਿਯਮਤ ਨਿਗਰਾਨੀ ਰੱਖਦਿਆਂ ਜਵਾਬਦੇਹੀ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਦਾ ਧਿਆਨ ਅਸਥਾਈ ਹੱਲਾਂ ਦੀ ਬਜਾਏ ਲੰਬੇ ਸਮੇਂ ਲਈ ਲਾਭਕਾਰੀ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਸ਼ਹਿਰੀ ਬੁਨਿਆਦੀ ਢਾਂਚਾ ਤਿਆਰ ਕਰਨ ’ਤੇ ਕੇਂਦਰਿਤ ਹੈ। ਪਾਰਦਰਸ਼ੀ, ਸਮਾਂਬੱਧ ਅਤੇ ਨਤੀਜਾ-ਕੇਂਦਰਿਤ ਪ੍ਰਸ਼ਾਸਕੀ ਮਾਡਲ ਤਹਿਤ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਚੱਲ ਰਹੇ ਇਹ ਪ੍ਰਾਜੈਕਟ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ ਅਤੇ ਵਸਨੀਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
