ਫ਼ਤਿਹਗੜ੍ਹ ਸਾਹਿਬ ਦੇ ਮੈਣ ਮਾਜਰੀ ਵਿਚ ਪਲਟੀ ਬੱਸ
ਫ਼ਤਿਹਗੜ੍ਹ ਸਾਹਿਬ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਪਲਟ ਗਈ। ਹਾਦਸੇ ਵਿਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 21 ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੱਸ ਵਿੱਚ 40 ਸ਼ਰਧਾਲੂ ਸਵਾਰ ਸਨ। ਮ੍ਰਿਤਕਾਂ ਵਿੱਚੋਂ ਦੋ ਭਰਾ ਸਨ।
ਇਹ ਘਟਨਾ ਦੇਰ ਰਾਤ ਵਾਪਰੀ। ਸ਼ਰਧਾਲੂ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮਨਾ ਕੇ ਵਾਪਸ ਆ ਰਹੇ ਸਨ। ਇਸ ਦੌਰਾਨ, ਹਿੰਮਤਪੁਰਾ ਪਿੰਡ ਦੇ ਨੇੜੇ ਬੱਸ ਵਿੱਚ ਤਕਨੀਕੀ ਨੁਕਸ ਪੈ ਗਿਆ। ਫਿਰ ਬੱਸ ਕੰਟਰੋਲ ਤੋਂ ਬਾਹਰ ਹੋ ਗਈ, ਅਤੇ ਇੱਕ ਬਿਜਲੀ ਦੇ ਖੰਭੇ ਨਾਲ ਟਕਰਾਉਂਦੀ ਹੋਈ ਪਲਟ ਗਈ। ਬੱਸ ਵਿੱਚ ਸਵਾਰ ਯਾਤਰੀਆਂ ਦਾ ਕਹਿਣਾ ਹੈ ਕਿ ਪਲਟਣ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਕਰੰਟ ਵੀ ਲੱਗਿਆ।
ਹਾਦਸੇ ਕਾਰਨ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਪਹੁੰਚੀ। ਬਾਰਾਂ ਜ਼ਖਮੀਆਂ ਨੂੰ ਮੋਰਿੰਡਾ ਅਤੇ ਨੌਂ ਨੂੰ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ। ਬੱਸ ਨੂੰ ਸਾਈਡ 'ਤੇ ਲਿਜਾਇਆ ਗਿਆ। ਗੰਭੀਰ ਜ਼ਖ਼ਮੀ ਸ਼ਰਧਾਲੂਆਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਹਾਦਸੇ ਵਿੱਚ ਪਿੰਡ ਮੈਣ ਮਾਜਰੀ ਦੇ ਵਸਨੀਕ ਜਗਵਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਇਕਬਾਲ ਸਿੰਘ, ਲਖਬੀਰ ਸਿੰਘ, ਹਰਵੀਰ ਸਿੰਘ, ਪਰਦੀਪ ਕੌਰ ਅਤੇ ਰਣਜੀਤ ਕੌਰ ਦੀ ਮੌਤ ਹੋ ਗਈ। ਪਿੰਡ ਕਾਜਲ ਮਾਜਰਾ ਦੇ ਕੁਲਵਿੰਦਰ ਸਿੰਘ ਦੀ ਵੀ ਜਾਨ ਚਲੀ ਗਈ। ਲਖਬੀਰ ਸਿੰਘ ਅਤੇ ਹਰਵੀਰ ਸਿੰਘ ਸਕੇ ਭਰਾ ਸਨ।
PM ਨਰਿੰਦਰ ਮੋਦੀ ਨੇ ਜਤਾਇਆ ਦੁੱਖ
PM ਨਰਿੰਦਰ ਮੋਦੀ ਨੇ ਫਤਿਹਗੜ੍ਹ ਸਾਹਿਬ 'ਚ ਵਾਪਰੇ ਹਾਦਸੇ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਮੈਂ ਉਨ੍ਹਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ।
photo
ਜਥੇਦਾਰ ਗੜਗੱਜ ਨੇ ਵੀ ਫ਼ਤਿਹਗੜ੍ਹ ਸਾਹਿਬ 'ਚ ਵਾਪਰੇ ਹਾਦਸੇ 'ਤੇ ਜਤਾਇਆ ਦੁੱਖ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਇਲਾਕੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਨਤਮਸਤਕ ਹੋ ਕੇ ਵਾਪਸ ਪਰਤ ਰਹੀ ਸੰਗਤ ਦੀ ਬੱਸ ਪਲਟਣ ਕਾਰਨ ਚਲਾਣਾ ਕਰ ਗਏ ਅਤੇ ਜ਼ਖ਼ਮੀ ਹੋਏ ਸ਼ਰਧਾਲੂਆਂ ਲਈ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
photo
ਉਨ੍ਹਾਂ ਚਲਾਣਾ ਕਰ ਗਏ ਸ਼ਰਧਾਲੂਆਂ ਲਈ ਅਰਦਾਸ ਕੀਤੀ ਕਿ ਅਕਾਲ ਪੁਰਖ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਨ੍ਹਾਂ ਜ਼ਖਮੀ ਹੋਏ ਸ਼ਰਧਾਲੂਆਂ ਦੀ ਸਿਹਤਯਾਬੀ ਲਈ ਵੀ ਅਰਦਾਸ ਕੀਤੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਦਸੇ ਵਿੱਚ ਪੀੜਤ ਪਰਿਵਾਰਾਂ ਤੱਕ ਪਹੁੰਚ ਕਰਕੇ ਸੰਭਵ ਮਦਦ ਪਹੁੰਚਾਉਣ ਲਈ ਆਖਿਆ।
