ਮੁਲਜ਼ਮ ਸੁਖਵਿੰਦਰ ਸਿੰਘ ਦੀ ਭਾਲ ਜਾਰੀ
ਬਰਨਾਲਾ ਦੇ ਧਨੌਲਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਇਥੇ ਬਡਬਰ ਪਿੰਡ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਟਰੈਕਟਰ ਹੇਠ ਕੁਚਲ ਕੇ ਮਾਰ ਦਿੱਤਾ। ਇਹ ਘਟਨਾ ਪੈਸਿਆਂ ਅਤੇ ਖੇਤ ਵਿੱਚ ਖੜ੍ਹੇ ਇੱਕ ਦਰੱਖਤ ਨੂੰ ਲੈ ਕੇ ਹੋਏ ਝਗੜੇ ਕਾਰਨ ਵਾਪਰੀ। ਮ੍ਰਿਤਕ ਦੀ ਪਛਾਣ 50 ਸਾਲਾ ਮਨਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਜੋਂ ਹੋਈ ਹੈ, ਜਦੋਂ ਕਿ ਮੁਲਜ਼ਮ ਉਸ ਦਾ ਛੋਟਾ ਭਰਾ ਸੁਖਵਿੰਦਰ ਸਿੰਘ (45), ਪੁੱਤਰ ਜੀਤ ਸਿੰਘ ਹੈ। ਰਿਪੋਰਟਾਂ ਅਨੁਸਾਰ, ਦੋਵੇਂ ਭਰਾ ਪਿਛਲੇ ਚਾਰ ਦਿਨਾਂ ਤੋਂ ਲਗਭਗ ਇੱਕ ਲੱਖ ਰੁਪਏ ਅਤੇ ਖੇਤ ਵਿਚ ਖੜੀ ਟਾਹਲੀ ਨੂੰ ਲੈ ਕੇ ਲੜ ਰਹੇ ਸਨ।
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਵੇਰੇ ਕਣਕ ਦੀ ਵਾਢੀ ਲਈ ਕੰਬਾਈਨ ਹਾਰਵੈਸਟਰ ਦਾ ਪ੍ਰਬੰਧ ਕਰਨ ਜਾ ਰਿਹਾ ਸੀ। ਅਜੇ ਘਰ ਤੋਂ ਥੋੜ੍ਹੀ ਦੂਰੀ 'ਤੇ ਹੀ ਪਹੁੰਚਿਆ ਸੀ ਕਿ ਪਿੱਛੇ ਤੋਂ ਆਏ ਸੁਖਵਿੰਦਰ ਸਿੰਘ ਨੇ ਸਵਰਾਜ ਟਰੈਕਟਰ ਉਸ ਉਤੇ ਚੜ੍ਹਾ ਦਿੱਤਾ। ਪਰਮਜੀਤ ਕੌਰ ਨੇ ਦੋਸ਼ ਲਗਾਇਆ ਕਿ ਸੁਖਵਿੰਦਰ ਨੇ ਮਨਜਿੰਦਰ ਸਿੰਘ 'ਤੇ ਚਾਰ-ਪੰਜ ਵਾਰ ਟਰੈਕਟਰ ਚੜ੍ਹਾਇਆ।
ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਉਸ ਨੇ ਰੌਲਾ ਸੁਣਿਆ ਅਤੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਘਰ ਤੋਂ ਬਾਹਰ ਆਈ ਤਾਂ ਮੁਲਜ਼ਮ ਨੇ ਟਰੈਕਟਰ ਉਸ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਹਮਲੇ ਵਿੱਚ ਮਨਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਮਨਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਪਰਮਜੀਤ ਕੌਰ ਅਤੇ ਇੱਕ 26 ਸਾਲਾ ਪੁੱਤਰ ਛੱਡ ਗਿਆ ਹੈ, ਜੋ ਇਸ ਸਮੇਂ ਵਿਦੇਸ਼ ਵਿੱਚ ਰਹਿੰਦਾ ਹੈ। ਥਾਣਾ ਸਦਰ ਦੇ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਸੁਖਵਿੰਦਰ ਸਿੰਘ ਦੀ ਭਾਲ ਜਾਰੀ ਹੈ।
