ਮੁਲਜ਼ਮਾਂ ਦੀ ਜਸਕਰਨ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਪਛਾਣ
ਤਰਨਤਾਰਨ : ਸੀ.ਆਈ.ਏੇ. ਸਟਾਫ ਤਰਨਤਾਰਨ ਦੀ ਪੁਲਸ ਨੇ ਪਾਕਿਸਤਾਨੀ ਸਮਗਲਰਾਂ ਨਾਲ ਸੰਪਰਕ ਬਣਾ ਕੇ ਹਥਿਆਰਾਂ ਦੀਆਂ ਖੇਪਾਂ ਮੰਗਵਾਉਣ ਵਾਲੇ ਇੱਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਇਕ ਨਾਬਾਲਗ ਵੀ ਸ਼ਾਮਲ ਹੈ, ਜਿਸ ਨੂੰ ਓਬਜ਼ਰਵੇਸ਼ਨ ਹੋਮ ਭੇਜ ਦਿੱਤਾ ਗਿਆ ਹੈ।
ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਜਸਕਰਨ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਕਿਸਮਾਂ ਦੇ 8 ਪਿਸਤੌਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 4 ਗਲੋਕ ਪਿਸਤੌਲ, 3 ਰੈਪੀਡ ਪਿਸਤੌਲ ਅਤੇ 1 ਸਟਾਰ ਪਿਸਤੌਲ ਸ਼ਾਮਲ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮ ਸਰਹੱਦੀ ਇਲਾਕੇ 'ਚ ਹਥਿਆਰਾਂ ਦੀ ਸਪਲਾਈ ਕਰਨ ਲਈ ਘੁੰਮ ਰਹੇ ਸਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮਾਂ ਦੇ ਪਾਕਿਸਤਾਨ 'ਚ ਬੈਠੇ ਹਥਿਆਰ ਸਮਗਲਰ "ਮਲਿਕ" ਨਾਮ ਦੇ ਵਿਅਕਤੀ ਨਾਲ ਸਬੰਧ ਸਨ। ਉਹ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਹਥਿਆਰਾਂ ਦੀਆਂ ਖੇਪਾਂ ਮੰਗਵਾਉਂਦੇ ਸਨ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
