ਕਾਰ ਅਤੇ ਐਕਟਿਵਾ 'ਤੇ ਲੱਗੀਆਂ ਗੋਲੀਆਂ, ਜਾਨੀ ਨੁਕਸਾਨ ਤੋਂ ਰਿਹਾਅ ਬਚਾਅ
ਜਲੰਧਰ : ਜਲੰਧਰ ਕੈਂਟ ਦੇ ਮੁਹੱਲਾ ਨੰਬਰ 30 ਵਿੱਚ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦੋਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਪਹੁੰਚੇ ਨੌਜਵਾਨਾਂ ਨੇ ਕਥਿਤ ਤੌਰ 'ਤੇ ਗਾਲੀ-ਗਲੋਚ ਕਰਦੇ ਹੋਏ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਗੋਲੀ ਇੱਕ ਕਾਰ ਅਤੇ ਦੋ ਐਕਟਿਵਾ 'ਤੇ ਲੱਗੀ, ਖ਼ੁਸ਼ਕਿਸਮਤੀ ਰਹੀ ਕਿ ਫਾਇਰਿੰਗ ਵਿੱਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ। ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਨੌਜਵਾਨ ਮੁਹੱਲਾ ਨੰਬਰ 30 ਵਿੱਚ ਪਹੁੰਚੇ ਸਨ। ਉੱਥੇ ਪਹੁੰਚਦਿਆਂ ਹੀ ਨੌਜਵਾਨਾਂ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਫਾਇਰਿੰਗ ਨਾਲ ਆਸ-ਪਾਸ ਦੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਏਡੀਸੀਪੀ ਸਿਟੀ-2 ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਕੈਂਟੋਨਮੈਂਟ ਥਾਣਾ ਖੇਤਰ ਵਿੱਚ ਹੱਥੋਪਾਈ ਦੌਰਾਨ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਇੱਕ ਹੀ ਸਥਾਨ 'ਤੇ ਰਹਿਣ ਵਾਲੇ ਲੋਕਾਂ ਜਾਂ ਉਨ੍ਹਾਂ ਦੇ ਜਾਣਕਾਰਾਂ ਵਿਚਾਲੇ ਹੋਈ ਝੜਪ ਦਾ ਨਤੀਜਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
