ਲਾਸ਼ ਲੱਭਣ ਲਈ ਹਰੀਕੇ ਪੱਤਣ ਦਰਿਆ ਨੇੜਿਓਂ ਬੁਲਾਏ ਗਏ ਗੋਤਾਖੋਰ
ਤਰਨ ਤਾਰਨ: ਤਰਨ ਤਾਰਨ ਦੇ ਦਰਬਾਰ ਸਾਹਿਬ ਵਿਖੇ ਅਣਪਛਾਤੇ ਵਿਅਕਤੀ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਛਲਾਂਗ ਮਾਰ ਕੇ ਆਤਮਹੱਤਿਆ ਕਰ ਲਈ। ਫਿਲਹਾਲ ਮ੍ਰਿਤਕ ਦੀ ਕੋਈ ਵੀ ਪਛਾਣ ਨਹੀਂ ਹੋ ਸਕੀ। ਐਸਜੀਪੀਸੀ ਦੇ ਮੁਲਾਜ਼ਮ ਅਤੇ ਸੇਵਾਦਾਰ ਮੌਕੇ ’ਤੇ ਪਹੁੰਚੇ। ਉਨ੍ਹਾਂ ਲਾਸ਼ ਨੂੰ ਲੱਭਣ ਲਈ ਹਰੀਕੇ ਪੱਤਣ ਦਰਿਆ ਨੇੜਿਓਂ ਗੋਤਾਖੋਰ ਬੁਲਾਏ।
ਦੱਸ ਦਈਏ ਕਿ ਅੱਜ ਮੱਸਿਆ ਦਾ ਸ਼ੁਭ ਦਿਹਾੜਾ ਹੈ, ਜਿਸ ਕਾਰਨ ਦਰਬਾਰ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਅਤੇ ਇਸ਼ਨਾਨ ਕਰਨ ਲਈ ਪੁੱਜੀਆਂ। ਦਰਬਾਰ ਸਾਹਿਬ ਵਿਖੇ ਦੁਪਹਿਰ ਸਮੇਂ ਦੀਵਾਨ ਹਾਲ ਵਿੱਚ ਬੈਠੇ ਇੱਕ ਵਿਅਕਤੀ ਨੇ ਭੱਜ ਕੇ ਸਰੋਵਰ ਵਿੱਚ ਛਲਾਂਗ ਮਾਰ ਦਿੱਤੀ। ਜਿਸ ਤੋਂ ਬਾਅਦ ਇਸ਼ਨਾਨ ਕਰ ਰਹੀਆਂ ਸੰਗਤਾਂ ਵੱਲੋਂ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਲੇਕਿਨ ਉਹ ਵਿਅਕਤੀ ਬਹੁਤ ਅੱਗੇ ਚਲਾ ਜਾਂਦਾ ਹੈ। ਤਰਨ ਤਾਰਨ ਦੇ ਦਰਬਾਰ ਸਾਹਿਬ ਦਾ ਸਰੋਵਰ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਹੈ ਅਤੇ ਇਸ ਦੀ ਗਹਿਰਾਈ ਵੀ ਤਕਰੀਬਨ 40 ਤੋਂ 50 ਫੁੱਟ ਦੱਸੀ ਜਾ ਰਹੀ ਹੈ। ਜਿਸ ਕਾਰਨ ਮ੍ਰਿਤਕ ਨੂੰ ਲੱਭਣ ਵਿੱਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
