ਰਾਹਤ ਟੀਮਾਂ ਵੱਲੋਂ ਜਸ਼ਨਪ੍ਰੀਤ ਸਿੰਘ ਦੀ ਕੀਤੀ ਜਾ ਰਹੀ ਭਾਲ
ਕੀਰਤਪੁਰ ਸਾਹਿਬ : ਕੀਰਤਪੁਰ ਸਾਹਿਬ ਦੀ ਲੋਹਡ ਖੱਡ ਵਿਖੇ ਇੱਕ ਵਾਰ ਫਿਰ ਦਰਦਨਾਕ ਹਾਦਸਾ ਵਾਪਰਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਖੇਤਰ ਤੋਂ ਆਏ ਚਾਰ ਨੌਜਵਾਨ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਏ । ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਦੀ ਮੁਸਤੈਦੀ ਨਾਲ ਤਿੰਨ ਨੌਜਵਾਨਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ, ਜਦਕਿ ਇੱਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਅਸੰਧ, ਕਰਨਾਲ (ਹਰਿਆਣਾ) ਆਪਣੇ ਭਰਾ ਅਤੇ ਸਾਥੀਆਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂਘਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਚੰਡੀਗੜ੍ਹ ਵੱਲ ਵਾਪਸ ਜਾ ਰਿਹਾ ਸੀ । ਇਸ ਦੌਰਾਨ ਉਹ ਲੋਹਡ ਖੱਡ ਵਿਖੇ ਰੁਕੇ ਅਤੇ ਨਹਾਉਣ ਲੱਗ ਪਏ । ਨਹਾਉਂਦੇ ਸਮੇਂ ਅਚਾਨਕ ਪਾਣੀ ਦੇ ਤੇਜ਼ ਵਹਾਅ ਕਾਰਨ ਚਾਰੇ ਨੌਜਵਾਨ ਰੁੜਨ ਲੱਗ ਪਏ।
ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਨੌਜਵਾਨਾਂ ਨੂੰ ਬਚਾ ਲਿਆ, ਪਰ ਜਸ਼ਨਪ੍ਰੀਤ ਸਿੰਘ ਪਾਣੀ ਦੇ ਤੇਜ਼ ਵਹਾਅ ਵਿੱਚ ਲਾਪਤਾ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਨੌਜਵਾਨ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਲੋਹਡ ਖੱਡ ਵਿਖੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਦਿਨਾਂ ਦੌਰਾਨ ਇੱਕ ਉੱਤਰ ਪ੍ਰਦੇਸ਼ ਦਾ ਨੌਜਵਾਨ ਅਤੇ ਪੰਜਾਬ ਪੁਲਿਸ ਦਾ ਇੱਕ ਜਵਾਨ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਚੁੱਕੇ ਹਨ। ਇਨ੍ਹਾਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਖੇਤਰ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਲੋਕਾਂ ਨੂੰ ਬਰਸਾਤੀ ਖੱਡਾਂ ਅਤੇ ਦਰਿਆਵਾਂ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
