ਰਾਹੁਲ ਮਲਿਕ (45) ਵਜੋਂ ਹੋਈ ਜ਼ਖਮੀ ਦੀ ਪਛਾਣ, ਰਾਹੁਲ ਮਲਿਕ ਅਤੇ ਭਤੀਜੇ ਸਾਹਿਲ ਵਿਚਕਾਰ ਚੱਲ ਰਿਹਾ ਸੀ ਤਕਰਾਰ
ਡੇਰਾਬੱਸੀ: ਲਾਲੜੂ ਨੇੜਲੇ ਪਿੰਡ ਘੋਲੂਮਾਜਰਾ ਵਿੱਚ ਬੁੱਧਵਾਰ ਸ਼ਾਮ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਜਾਇਦਾਦੀ ਵਿਵਾਦ ਨੂੰ ਲੈ ਕੇ ਇੱਕ ਭਤੀਜੇ ਨੇ ਆਪਣੇ ਹੀ ਚਾਚੇ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਦੀ ਪਛਾਣ ਰਾਹੁਲ ਮਲਿਕ (45) ਵਜੋਂ ਹੋਈ ਹੈ, ਜੋ ਐੱਸ.ਬੀ.ਪੀ. ਡੇਰਾਬੱਸੀ ਦਾ ਰਹਿਣ ਵਾਲਾ ਅਤੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਸੰਬੰਧਿਤ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ ਕਰੀਬ 7:45 ਵਜੇ ਘੋਲੂਮਾਜਰਾ ਸਥਿਤ ਜੈ ਅੰਬੇ ਪਲਾਈਵੁੱਡ ਹਾਰਡਵੇਅਰ ਐਂਡ ਕਨਸਟਰਕਸ਼ਨ ਪ੍ਰਾਈਵੇਟ ਲਿਮਟਿਡ ਦੇ ਦਫ਼ਤਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਮਲਿਕ ਅਤੇ ਉਸ ਦੇ ਭਤੀਜੇ ਸਾਹਿਲ ਵਿਚਕਾਰ ਚੱਲ ਰਹੇ ਜਾਇਦਾਦੀ ਵਿਵਾਦ ਨੂੰ ਲੈ ਕੇ ਤਕਰਾਰ ਹੋ ਗਈ। ਤਕਰਾਰ ਦੌਰਾਨ ਸਾਹਿਲ ਨੇ ਕਥਿਤ ਤੌਰ ’ਤੇ ਪਿਸਤੌਲ ਕੱਢ ਕੇ ਰਾਹੁਲ ਮਲਿਕ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਘਟਨਾ ਤੋਂ ਬਾਅਦ ਮੁਲਜ਼ਮ ਸਾਹਿਲ ਮੌਕੇ ਤੋਂ ਫਰਾਰ ਹੋ ਗਿਆ। ਉਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਮੂਲ ਰੂਪ ਵਿੱਚ ਹਰਿਆਣਾ ਦੇ ਪਾਣੀਪਤ ਦਾ ਰਹਿਣ ਵਾਲਾ ਹੈ।
ਸੂਤਰਾਂ ਮੁਤਾਬਕ ਮੁਲਜ਼ਮ ਘਟਨਾ ਸਥਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ, ਜਿਸ ਕਾਰਨ ਪੁਲਿਸ ਜਾਂਚ ਨੂੰ ਹੋਰ ਗੰਭੀਰਤਾ ਨਾਲ ਅੱਗੇ ਵਧਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬੱਸੀ ਅਤੇ ਲਾਲੜੂ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਸਨਸਨੀਖੇਜ਼ ਕਤਲ ਤੋਂ ਬਾਅਦ ਘੋਲੂਮਾਜਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
