ਜਲੰਧਰ ਦੀ ਨਾਮਵਰ ਯੂਨੀਵਰਸਿਟੀ ਦੇ ਸਾਲਾਨਾ ਸਮਾਰੋਹ ਦੌਰਾਨ ਸੋਹਨ ਸਿੰਘ ਗਿੱਲ ਨੂੰ ਦਿੱਤੀ ਗਈ ਡਿਗਰੀ, ਯੂਨੀਵਰਸਿਟੀ ਪ੍ਰਸ਼ਾਸਨ ਨੇ ਹੌਂਸਲੇ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ: ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਨਾ ਹੀ ਸੁਪਨੇ ਦੇਖਣ 'ਤੇ ਕੋਈ ਪਾਬੰਦੀ ਹੁੰਦੀ ਹੈ। ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਪੰਜਾਬ ਦੇ 83 ਸਾਲਾ ਬਜ਼ੁਰਗ ਸੋਹਨ ਸਿੰਘ ਗਿੱਲ ਨੇ। ਸੋਹਨ ਸਿੰਘ ਗਿੱਲ ਨੇ ਇਸ ਉਮਰ ਵਿੱਚ ਮਾਸਟਰਸ (ਐਮ.ਏ.) ਦੀ ਡਿਗਰੀ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ, ਤਾਂ ਉਮਰ ਦਾ ਕੋਈ ਵੀ ਪੜਾਅ ਤੁਹਾਡਾ ਰਾਹ ਨਹੀਂ ਰੋਕ ਸਕਦਾ।
ਜਲੰਧਰ ਦੀ ਇੱਕ ਨਾਮਵਰ ਯੂਨੀਵਰਸਿਟੀ ਦੇ ਸਾਲਾਨਾ ਸਮਾਰੋਹ (Convocation) ਦੌਰਾਨ ਜਦੋਂ 83 ਸਾਲ ਦੇ ਸੋਹਨ ਸਿੰਘ ਗਿੱਲ ਨੂੰ ਸਟੇਜ 'ਤੇ ਡਿਗਰੀ ਲੈਣ ਲਈ ਬੁਲਾਇਆ ਗਿਆ, ਤਾਂ ਪੂਰਾ ਹਾਲ ਤਾਲੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਉੱਥੇ ਮੌਜੂਦ ਮੁੱਖ ਮਹਿਮਾਨਾਂ ਵੱਲੋਂ ਉਨ੍ਹਾਂ ਦੇ ਇਸ ਹੌਸਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਸੋਹਣ ਸਿੰਘ ਗਿੱਲ ਹੁਣਾ ਨੇ ਕਿਆ ਕੇ ਜਦੋਂ ਮੈਂ ਡਿਗਰੀ ਹਾਸਲ ਕੀਤੀ, ਤਾਂ ਮੈਨੂੰ ਮਹਿਸੂਸ ਹੋਇਆ ਕਿ ਮੇਰੀ ਸਾਲਾਂ ਦੀ ਮਿਹਨਤ ਸਫਲ ਹੋ ਗਈ ਹੈ। ਪੜ੍ਹਾਈ ਸਿਰਫ਼ ਨੌਕਰੀ ਲਈ ਨਹੀਂ, ਬਲਕਿ ਗਿਆਨ ਦੇ ਪਸਾਰ ਲਈ ਹੁੰਦੀ ਹੈ। ਅੱਜ-ਕੱਲ੍ਹ ਦੇ ਦੌਰ ਵਿੱਚ ਜਿੱਥੇ ਨੌਜਵਾਨ ਪੜ੍ਹਾਈ ਨੂੰ ਇੱਕ ਬੋਝ ਸਮਝਣ ਲੱਗ ਪੈਂਦੇ ਹਨ ਜਾਂ ਥੋੜ੍ਹੀ ਅਸਫਲਤਾ ਤੋਂ ਬਾਅਦ ਹਿੰਮਤ ਹਾਰ ਜਾਂਦੇ ਹਨ, ਉੱਥੇ ਹੀ ਸੋਹਨ ਸਿੰਘ ਗਿੱਲ ਨੇ ਸਮਾਜ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਡਿਗਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨਸਾਨ ਨੂੰ ਜ਼ਿੰਦਗੀ ਦੇ ਆਖਰੀ ਸਾਹ ਤੱਕ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ।
ਸੋਹਨ ਸਿੰਘ ਗਿੱਲ ਦੀ ਇਸ ਕਾਮਯਾਬੀ ਦੀ ਖ਼ਬਰ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀ ਅਤੇ ਹੋਰ ਲੋਕ ਉਨ੍ਹਾਂ ਦੀ ਇਸ ਹਿੰਮਤ ਨੂੰ ਸਲਾਮ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਗਿੱਲ ਸਾਹਿਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਿਲ ਜਵਾਨ ਹੋਣਾ ਚਾਹੀਦਾ ਹੈ, ਉਮਰ ਵਿੱਚ ਕੀ ਰੱਖਿਆ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੀ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੋਹਨ ਸਿੰਘ ਵਰਗੇ ਵਿਦਿਆਰਥੀ ਸੰਸਥਾ ਦਾ ਮਾਣ ਹੁੰਦੇ ਹਨ ਅਤੇ ਉਹ ਬਾਕੀ ਸਾਰੇ ਵਿਦਿਆਰਥੀਆਂ ਲਈ ਇੱਕ ਵੱਡੀ ਪ੍ਰੇਰਨਾ ਹਨ।
