ਸੁਨਿਆਰੇ ਵੱਲੋਂ ਰੌਲਾ ਪਾਏ ਜਾਣ ਕਾਰਨ ਹੋਇਆ ਬਚਾਅ
ਪੱਟੀ/ਅਜੀਤ ਸਿੰਘ ਘਰਿਆਲਾ : ਸੂਬੇ ਵਿੱਚ ਜਿੱਥੇ ਅਮਨ ਕਾਨੂੰਨ ਦੀ ਵਿਵਸਥਾ ਦਿਨ-ਬ-ਦਿਨ ਵਿਗੜ ਰਹੀ ਹੈ। ਉੱਥੇ ਹੀ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਹੀ ਰਹਿ ਗਈ ਹੈ । ਅੱਜ ਪੱਟੀ ਸ਼ਹਿਰ ਦੇ ਬਾਂਸ ਬਾਜ਼ਾਰ ਵਿੱਚ ਸਥਿਤ ਸੋਨੂ ਜਿਊਲਰਜ਼ ਦੀ ਦੁਕਾਨ 'ਤੇ ਦੁਪਹਿਰ ਸਮੇਂ ਇੱਕ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਪਰ ਸ਼ੀਸ਼ੇ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਇਹ ਘਟਨਾ ਅਸਫਲ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਰਨ ਤਾਰਨ ਜੋ ਹਰ ਰੋਜ਼ ਤਰਨ ਤਾਰਨ ਤੋਂ ਪੱਟੀ ਆ ਕੇ ਸੋਨੂ ਜਿਊਲਰਜ਼ ਨਾਮ ਦੀ ਦੁਕਾਨ ਵਾਂਸ ਬਜਾਰ ਵਿਖੇ ਕਰਦਾ ਹੈ, ਜਦੋਂ ਆਪਣੀ ਦੁਕਾਨ ਉੱਪਰ ਬੈਠਾ ਸੀ ਤਾਂ ਦੁਪਹਿਰ ਲਗਭਗ ਤਿੰਨ ਵਜੇ ਦੇ ਕਰੀਬ ਇੱਕ ਵਿਅਕਤੀ ਆਇਆ ਜੋ ਸ਼ੀਸ਼ੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰਨ ਅਤੇ ਹੱਥ ਵਿੱਚ ਪਿਸਤੌਲ ਜੋ ਉਸ ਨੇ ਕੱਪੜੇ ਨਾਲ ਢੱਕਿਆ ਹੋਇਆ ਸੀ, ਨਾਲ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਪਰ ਤਜਿੰਦਰ ਸਿੰਘ ਨੇ ਦਰਵਾਜ਼ਾ ਨਾ ਖੋਲ੍ਹਦਿਆਂ ਦਲੇਰੀ ਦਿਖਾਈ ਅਤੇ ਰੌਲਾ ਪਾ ਦਿੱਤਾ। ਰੌਲਾ ਸੁਣਦਿਆਂ ਹੀ ਉਹ ਵਿਅਕਤੀ ਸਾਹਮਣੇ ਗਲੀ ਵਿੱਚ ਫਰਾਰ ਹੋ ਗਿਆ।
ਇਸ ਸਬੰਧੀ ਥਾਣਾ ਸਿਟੀ ਪੱਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿੱਥੋਂ ਪੁਲਿਸ ਮੁਲਾਜ਼ਮ ਇਸ ਘਟਨਾ ਸਬੰਧੀ ਜਾਂਚ ਕਰ ਰਹੇ ਹਨ। ਵਰਨਣ ਯੋਗ ਹੈ ਕਿ ਪੱਟੀ ਸ਼ਹਿਰ ਵਿੱਚ ਵੀ ਆਏ ਦਿਨ ਫਿਰੌਤੀ ਦੀਆਂ ਕਾਲਾਂ, ਲੁੱਟਾਂ ਖੋਹਾਂ, ਚੋਰੀਆਂ ਤੇ ਗੋਲੀਆਂ ਚੱਲਣ ਤੋਂ ਲੋਕ ਦੁਖੀ ਹੋ ਚੁੱਕੇ ਹਨ ਅਤੇ ਕੁਝ ਪਰਿਵਾਰ ਪੱਟੀ ਸ਼ਹਿਰ ਤੋਂ ਹਿਜਰਤ ਕਰਕੇ ਜਾ ਵੀ ਚੁੱਕੇ ਹਨ।
