'ਜਤਿੰਦਰ ਪਾਲ ਤੁਰੰਤ ਦੇਣ ਅਸਤੀਫ਼ਾ ਅਤੇ ਭਾਜਪਾ ਮੰਗੇ ਮੁਆਫ਼ੀ'
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਤਿੱਖਾ ਬਿਆਨ ਜਾਰੀ ਕਰਦਿਆਂ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜਤਿੰਦਰ ਪਾਲ ਵੱਲੋਂ ਪੰਜਾਬੀਆਂ ਖਿਲਾਫ ਵਰਤੀ ਗਈ ਭਾਸ਼ਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰ ਪਾਲ ਵੱਲੋਂ ਪੰਜਾਬ ਦੇ ਅਣਖੀਲੇ ਅਤੇ ਦੇਸ਼ਭਗਤ ਲੋਕਾਂ ਨੂੰ ਜਜ਼ਬਾਤੀ ਮੂਰਖ (Emotional Bloody Fools) ਕਹਿਣਾ ਸਮੁੱਚੇ ਪੰਜਾਬ, ਪੰਜਾਬੀਅਤ ਅਤੇ ਗੁਰੂਆਂ ਦੀ ਇਸ ਪਵਿੱਤਰ ਧਰਤੀ ਦਾ ਘੋਰ ਅਪਮਾਨ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ, ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਅਜਿਹੀ ਮਹਾਨ ਕੌਮ ਅਤੇ ਸੂਬੇ ਦੇ ਲੋਕਾਂ ਬਾਰੇ ਜਤਿੰਦਰ ਪਾਲ ਵਰਗੇ ਜ਼ਿੰਮੇਵਾਰ ਅਹੁਦੇਦਾਰ ਵੱਲੋਂ ਅਜਿਹੀ ਗੈਰ-ਜ਼ਿੰਮੇਵਾਰਾਨਾ ਅਤੇ ਅਪਮਾਨਜਨਕ ਟਿੱਪਣੀ ਕਰਨਾ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਨੂੰ ਜਨਤਕ ਕਰਦਾ ਹੈ।
ਉਨ੍ਹਾਂ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਪੁਰਜ਼ੋਰ ਮੰਗ ਕੀਤੀ ਕਿ ਇਸ ਮੰਦਭਾਗੀ ਟਿੱਪਣੀ ਲਈ ਜ਼ਿੰਮੇਵਾਰ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਤੋਂ ਤੁਰੰਤ ਅਸਤੀਫਾ ਲਿਆ ਜਾਵੇ। ਇਸ ਦੇ ਨਾਲ ਹੀ ਭਾਜਪਾ ਦੀ ਆਲ੍ਹਾ ਕਮਾਨ ਨੂੰ ਸਮੁੱਚੇ ਪੰਜਾਬੀਆਂ ਕੋਲੋਂ ਜਨਤਕ ਤੌਰ 'ਤੇ ਨਿਮਰਤਾ ਸਹਿਤ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਨੇ ਇਸ ਮਾਮਲੇ ਵਿੱਚ ਤੁਰੰਤ ਠੋਸ ਕਾਰਵਾਈ ਨਾ ਕੀਤੀ ਅਤੇ ਜਤਿੰਦਰ ਪਾਲ ਕੋਲੋਂ ਮੁਆਫੀ ਨਾ ਮੰਗਵਾਈ, ਤਾਂ ਪੰਜਾਬ ਦੇ ਲੋਕ ਇਸ ਅਪਮਾਨ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਸਿਆਸੀ ਤੌਰ 'ਤੇ ਭਾਜਪਾ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪਵੇਗਾ, ਕਿਉਂਕਿ ਪੰਜਾਬੀ ਆਪਣੇ ਸਨਮਾਨ, ਅਣਖ ਅਤੇ ਸਵੈ-ਮਾਣ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ।
