ਕੁੱਝ ਨੌਜਵਾਨਾਂ ਦੀ ਕੀਤੀ ਗਈ ਕੁੱਟਮਾਰ, ਘਟਨਾ ਸੀਸੀਟੀਵੀ ਵਿੱਚ ਕੈਦ
ਫ਼ਾਜ਼ਿਲਕਾ: ਫ਼ਾਜ਼ਿਲਕਾ ਦੇ ਅਰਨੀਵਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਰੇਆਮ ਬਾਜ਼ਾਰ ਵਿੱਚ ਕੁਝ ਨੌਜਵਾਨ ਲੜਾਈ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਸ ਦੌਰਾਨ ਇੱਕ ਨੌਜਵਾਨ ਦੇ ਕੋਲ ਤੇਜ਼ਧਾਰ ਹਥਿਆਰ ਵੀ ਹੈ ਅਤੇ ਕੁੱਟਮਾਰ ਕੀਤੀ ਜਾ ਰਹੀ ਹੈ। ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਘਟਨਾ ਕੈਦ ਹੋ ਗਈ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਥਾਨਾ ਅਰਨੀਵਾਲਾ ਦੇ ਮੁਖੀ ਪਰਮਜੀਤ ਸਿੰਘ ਦਰੋਗਾ ਨੇ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਦਾ ਤਬਾਦਲਾ ਸਿਟੀ ਥਾਣਾ-2 ਅਬੋਹਰ ਵਿੱਚ ਕਰ ਦਿੱਤਾ ਗਿਆ ਹੈ, ਪਰ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਅਰਨੀਵਾਲਾ ਦੇ ਬਾਜ਼ਾਰ ਵਿੱਚ ਕੁਝ ਨੌਜਵਾਨਾਂ ਦਾ ਝਗੜਾ ਹੋਇਆ ਹੈ। ਝਗੜੇ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ, ਪਰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਕੋਲ ਤੇਜ਼ਧਾਰ ਹਥਿਆਰ ਹੈ ਅਤੇ ਦੋਵੇਂ ਪੱਖ ਆਪਸ ਵਿੱਚ ਭਿੜ ਗਏ ਤੇ ਲੜਾਈ-ਝਗੜਾ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਦੀ ਪੜਤਾਲ ਕਰਦੇ ਹੋਏ ਉਕਤ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਐੱਸ.ਐੱਚ.ਓ. ਪਰਮਜੀਤ ਸਿੰਘ ਦਰੋਗਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਉਕਤ ਨੌਜਵਾਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ, ਕਿਉਂਕਿ ਪੁਲਿਸ ਅਪਰਾਧ ਖਿਲਾਫ ਸਖਤ ਹੈ ਅਤੇ ਅਜਿਹੇ ਵਿੱਚ ਬਾਜ਼ਾਰ 'ਚ ਅਜਿਹੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਖ਼ਤ ਕਾਰਵਾਈ ਕੀਤੀ ਜਾਵੇਗੀ।
