‘ਮਿਸ਼ਨ ਕਲੀਨ ਪਟਿਆਲਾ’ ਸਮੇਤ ਚਾਰ ਪ੍ਰਾਜੈਕਟ ਸਰਵੋਤਮ ਅਭਿਆਸਾਂ ’ਚ ਸ਼ਾਮਲ
ਪਟਿਆਲਾ (ਤਪਿੰਦਰ ਸਿੰਘ,ਰਾਜਿੰਦਰ ਸਿੰਘ ਥਿੰਦ) : ਪੰਜਾਬ ਵਿਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਤੇ ਵਾਤਾਵਰਣ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਵਲੋਂ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ (ਐਨਕੈਪ), 2026 ਤਹਿਤ ਜਾਰੀ ਕੀਤੇ ਗਏ ‘ਬੈਸਟ ਪ੍ਰੈਕਟਿਸਿਜ਼’ ਸੰਕਲਨ ਵਿਚ ਪੰਜਾਬ ਦੀਆਂ ਚਾਰ ਪਹਿਲਕਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਵਿਚ ‘ਮਿਸ਼ਨ ਕਲੀਨ ਪਟਿਆਲਾ’, ਪਟਿਆਲਾ ਦੇ ਰਵਾਇਤੀ ਸ਼ਮਸ਼ਾਨਘਾਟ ਵਿਚ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਦੀ ਸਥਾਪਨਾ, ਮੰਡੀ ਗੋਬਿੰਦਗੜ੍ਹ ਦਾ ਗੈਸ ਆਧਾਰਤ ਸ਼ਮਸ਼ਾਨਘਾਟ ਅਤੇ ਬਾਇਓ-ਮੀਥੇਨੇਸ਼ਨ ਪਲਾਂਟ ਸ਼ਾਮਲ ਹਨ। ਇਨ੍ਹਾਂ ਪਹਿਲਕਦਮੀਆਂ ਰਾਹੀਂ ਪੰਜਾਬ ਨੇ ਸਫ਼ਾਈ ਮੁਹਿੰਮਾਂ, ਆਧੁਨਿਕ ਤਕਨਾਲੋਜੀ ਅਤੇ ਜੈਵਿਕ ਕੂੜੇ ਦੀ ਸੁਚੱਜੀ ਵਰਤੋਂ ਨੂੰ ਹਵਾ ਦੀ ਗੁਣਵੱਤਾ ਸੁਧਾਰਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਕੌਮੀ ਪੱਧਰ ’ਤੇ ਮਿਲੀ ਇਸ ਮਾਨਤਾ ਨੂੰ ਸੂਬੇ ਵਿਚ ਪ੍ਰਦੂਸ਼ਣ ਦੇ ਵੱਖ-ਵੱਖ ਸਰੋਤਾਂ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਮਹੱਤਵਪੂਰਨ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪਟਿਆਲਾ’ ਦਾ ਉਦੇਸ਼ ਸ਼ਹਿਰ ਦੀ ਸਫ਼ਾਈ ਨੂੰ ਲੋਕ ਲਹਿਰ ਦਾ ਰੂਪ ਦੇਣਾ ਹੈ। ਸੈਂਟਰ ਫਾਰ ਦ ਸਟੱਡੀ ਆਫ਼ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ (ਸੀਐਸਟੀਈਪੀ) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਸ ਪਹਿਲਕਦਮੀ ਤਹਿਤ ਵਿਦਿਅਕ ਸੰਸਥਾਵਾਂ, ਸਰਕਾਰੀ ਵਿਭਾਗਾਂ, ਸਮਾਜਕ ਸੰਗਠਨਾਂ ਅਤੇ ਆਮ ਨਾਗਰਿਕਾਂ ਨੂੰ ਸਫ਼ਾਈ ਤੇ ਵਾਤਾਵਰਣ ਸੁਰੱਖਿਆ ਦੇ ਕਾਰਜਾਂ ਨਾਲ ਜੋੜਿਆ ਗਿਆ ਹੈ।
ਪਟਿਆਲਾ ਦੇ ਇਕ ਲੱਕੜ ਆਧਾਰਿਤ ਰਵਾਇਤੀ ਸ਼ਮਸ਼ਾਨਘਾਟ ਵਿਚ ਏਅਰ ਪਾਲਿਊਸ਼ਨ ਕੰਟਰੋਲ ਡਿਵਾਈਸ (ਏਪੀਸੀਡੀ) ਦੀ ਸਥਾਪਨਾ ਵੀ ਕੌਮੀ ਸਰਵੋਤਮ ਪਹਿਲਕਦਮੀਆਂ ਵਿਚ ਸ਼ਾਮਲ ਕੀਤੀ ਗਈ ਹੈ। ਮੰਡੀ ਗੋਬਿੰਦਗੜ੍ਹ ਦੇ ਗੈਸ ਆਧਾਰਤ ਸ਼ਮਸ਼ਾਨਘਾਟ ਨੂੰ ਵੀ ਸੂਬੇ ਦੀਆਂ ਚੁਣੀਆਂ ਹੋਈਆਂ ਪਹਿਲਕਦਮੀਆਂ ਵਿਚ ਥਾਂ ਮਿਲੀ ਹੈ। ਇਹ ਰਵਾਇਤੀ ਲੱਕੜ ਆਧਾਰਤ ਅੰਤਮ ਸੰਸਕਾਰ ਦੇ ਮੁਕਾਬਲੇ ਇਕ ਵਿਕਲਪਿਕ ਪ੍ਰਬੰਧ ਹੈ, ਜਿਸ ਦਾ ਉਦੇਸ਼ ਲੱਕੜ ਦੀ ਵਰਤੋਂ ਅਤੇ ਇਸ ਨਾਲ ਜੁੜੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਮਦਦ ਕਰਨਾ ਹੈ।
ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਪੰਜਾਬ ਦੀਆਂ ਸਾਫ਼ ਹਵਾ ਪਹਿਲਕਦਮੀਆਂ ਨੂੰ ਕੌਮੀ ਪੱਧਰ ’ਤੇ ਮਿਲੀ ਮਾਨਤਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਟਿਕਾਊ ਵਾਤਾਵਰਣਕ ਤਬਦੀਲੀ ਲਈ ਵਿਗਿਆਨਕ ਹੱਲਾਂ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਇਕੱਠੇ ਲੈ ਕੇ ਚੱਲਣਾ ਜ਼ਰੂਰੀ ਹੈ।
