ਸਕੀਮ ਅਧੀਨ ਕਵਰ ਕੀਤਾ ਗਿਆ 8 ਲੱਖ ਰੁਪਏ ਤੋਂ ਵੱਧ ਦਾ ਇਲਾਜ
ਪਟਿਆਲਾ (ਤਪਿੰਦਰ ਸਿੰਘ): ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ ਪਹਿਲਾਂ ਅਚਾਨਕ ਅਜਿਹੇ ਮੋੜ ’ਤੇ ਆ ਖੜ੍ਹੀ ਹੋਈ, ਜਿਥੇ ਹਰ ਰਾਹ ਮੁਸ਼ਕਲ ਨਜ਼ਰ ਆਉਣ ਲੱਗਾ ਸੀ। ਉਸ ਦੀ 65 ਸਾਲਾ ਮਾਤਾ ਬਲਜੀਤ ਕੌਰ ਨੇ ਗੰਭੀਰ ਬਿਮਾਰੀ ਕਾਰਨ ਹੌਲੀ-ਹੌਲੀ ਖਾਣਾ-ਪੀਣਾ ਛੱਡ ਦਿਤਾ ਸੀ। ਮਜਬੂਰ ਤੇ ਬੇਬਸ ਪੁੱਤਰ ਲਈ ਇਹ ਸਿਰਫ਼ ਬੀਮਾਰੀ ਨਹੀਂ ਸਗੋਂ ਹਰ ਰੋਜ਼ ਟੁੱਟਦੀਆਂ ਹੋਈਆਂ ਉਮੀਦਾਂ ਦਾ ਦਰਦ ਸੀ।
ਗੁਰਪਿੰਦਰ ਜੀਤ ਦੇ ਦੱਸਣ ਮੁਤਾਬਕ ਪਹਿਲਾਂ ਨਿੱਜੀ ਡਾਕਟਰਾਂ ਕੋਲ ਦੌੜ-ਭੱਜ ਕੀਤੀ ਗਈ, ਫਿਰ ਮਾਤਾ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫ਼ਰ ਕਰ ਦਿਤਾ ਗਿਆ। ਦਵਾਈਆਂ ਚੱਲੀਆਂ, ਟੈਸਟ ਹੋਏ, ਪਰ ਹਾਲਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੋ ਗਈ ਜਦੋਂ ਰਿਪੋਰਟ ਆਈ ਤਾਂ ਜਿਵੇਂ ਅਸਮਾਨ ਹੀ ਢਹਿ ਪਿਆ, ਮਾਂ ਨੂੰ ਬੱਚੇਦਾਨੀ ਦਾ ਕੈਂਸਰ ਸੀ।
ਗੁਰਪਿੰਦਰ ਲਈ ਇਹ ਬਹੁਤ ਔਖੀ ਘੜੀ ਸੀ, ਇਹ ਉਸ ਮਾਂ ਦੀ ਜ਼ਿੰਦਗੀ ਦਾ ਸਵਾਲ ਸੀ, ਉਸ ਨੂੰ ਜਨਮ ਦੇਣ ਅਤੇ ਪਾਲਣ-ਪੋਸ਼ਣ ਵਾਲੀ ਮਾਂ ਅੱਜ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। ਬਿਨਾਂ ਦੇਰ ਕੀਤੇ ਉਹ ਮਾਂ ਨੂੰ ਸੰਗਰੂਰ ਦੇ ਟਾਟਾ ਕੈਂਸਰ ਹਸਪਤਾਲ ਲੈ ਗਿਆ। ਇਲਾਜ ਸ਼ੁਰੂ ਹੋਇਆ, ਪਰ ਪਹਿਲੇ ਹੀ ਝਟਕੇ ਵਿਚ 60 ਹਜ਼ਾਰ ਰੁਪਏ ਤੋਂ ਵੱਧ ਖ਼ਰਚ ਹੋ ਗਏ। ਇਕ ਡਰਾਈਵਰ ਦੀ ਸੀਮਿਤ ਆਮਦਨ ਦੇ ਸਾਹਮਣੇ ਇਹ ਰਕਮ ਪਹਾੜ ਵਰਗੀ ਸੀ। ਗੁਰਪਿੰਦਰ ਦੇ ਮਨ ਵਿਚ ਇਕੋ ਸਵਾਲ ਸੀ “ਮਾਂ ਨੂੰ ਕਿਵੇਂ ਬਚਾਵਾਂ?” ਕਰਜ਼ਾ ਲੈਣ ਦੀ ਨੌਬਤ ਵੀ ਆ ਗਈ ਸੀ।
ਉਦੋਂ, ਜਿਵੇਂ ਹਨੇਰੇ ਵਿਚ ਇਕ ਰੌਸ਼ਨੀ ਦੀ ਕਿਰਨ ਉਸ ਦੇ ਸਾਹਮਣੇ ਆਈ। ਹਸਪਤਾਲ ਵਿਚ ਉਸ ਨੇ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਪਤਾ ਲੱਗਾ। ਇਲਾਜ ਤੋਂ ਬਾਅਦ ਟਿਊਮਰ ਇਕ ਥਾਂ ’ਤੇ ਸਿਮਟ ਗਿਆ ਅਤੇ ਡਾਕਟਰਾਂ ਨੇ ਲਗਭਗ ਅੱਠ ਘੰਟੇ ਲੰਬਾ ਆਪਰੇਸ਼ਨ ਕਰ ਕੇ ਉਸ ਨੂੰ ਕੱਢ ਦਿਤਾ। 35 ਤੋਂ 40 ਟਾਂਕਿਆਂ ਨਾਲ ਮਾਂ ਨੇ ਦਰਦ ਸਹਿੰਦੇ ਹੋਏ ਵੀ ਜ਼ਿੰਦਗੀ ਦੀ ਡੋਰ ਫੜ੍ਹੀ ਰੱਖੀ।
ਮਾਂ ਆਪਰੇਸ਼ਨ ਤੋਂ ਬਾਅਦ ਦੋ-ਤਿੰਨ ਦਿਨਾਂ ਲਈ ਆਈਸੀਯੂ ਵਿਚ ਅਤੇ ਵੈਂਟੀਲੇਟਰ ’ਤੇ ਰਹੀ, ਫਿਰ ਉਨ੍ਹਾਂ ਨੂੰ ਵਾਰਡ ਵਿਚ ਸ਼ਿਫ਼ਟ ਕਰ ਦਿਤਾ ਗਿਆ। ਗੁਰਪਿੰਦਰ ਹਰ ਵੇਲੇ ਮਾਂ ਦੇ ਕੋਲ ਬੈਠਾ ਰਹਿੰਦਾ, ਕਦੇ ਦਵਾਈ ਦਿੰਦਾ, ਕਦੇ ਸਿਰ ਸਹਿਲਾਉਂਦਾ। ਅੱਠ ਦਿਨ ਹਸਪਤਾਲ ਵਿਚ ਬਿਤਾਉਣ ਤੋਂ ਬਾਅਦ ਜਦੋਂ ਮਾਂ ਦੀ ਹਾਲਤ ਸੁਧਰਨ ਲੱਗੀ, ਤਾਂ ਜਿਵੇਂ ਉਨ੍ਹਾਂ ਦੀ ਦੁਨੀਆਂ ਵਾਪਸ ਆ ਗਈ।
24 ਨਵੰਬਰ 2025 ਤੋਂ ਸ਼ੁਰੂ ਹੋਇਆ ਇਹ ਸਫ਼ਰ ਅਜੇ ਵੀ ਜਾਰੀ ਹੈ। ਅਗਲੇ ਇਲਾਜ ਅਤੇ ਜਾਂਚ ਲਈ ਉਹ ਮੁੱਲਾਂਪੁਰ ਸਥਿਤ ਹਸਪਤਾਲ ਵਿਚ ਫਾਲੋਅਪ ਲਈ ਜਾਣਗੇ। ਕੁੱਝ ਦਵਾਈਆਂ ਜੋ ਹਸਪਤਾਲ ਵਿਚ ਉਪਲਬੱਧ ਨਹੀਂ ਸਨ, ਉਨ੍ਹਾਂ ਦਾ ਖਰਚ ਗੁਰਪਿੰਦਰ ਨੇ ਆਪ ਉਠਾਇਆ, ਪਰ ਬਾਕੀ ਸਾਰਾ ਇਲਾਜ ਯੋਜਨਾ ਅਧੀਨ ਮੁਫ਼ਤ ਹੋਇਆ। ਹਸਪਤਾਲ ਵਿਚ ਗਾਇਨੇਕੋਲੋਜੀ ਦੀ ਡਾ. ਸ਼ਿਵਾਲੀ ਨੇ ਸਰਜਰੀ ਦੇ ਡਾਕਟਰਾਂ ਨਾਲ ਮਿਲ ਕੇ ਆਪਰੇਸ਼ਨ ਕੀਤਾ। ਟਾਟਾ ਮੈਮੋਰੀਅਲ ਦੇ ਡਾਕਟਰਾਂ ਮੁਤਾਬਕ, ਇਸ ਸਰਜਰੀ ਉਤੇ ਦਵਾਈਆਂ ਨੂੰ ਮਿਲਾ ਕੇ ਘੱਟੋ-ਘੱਟ 8 ਤੋਂ 10 ਲੱਖ ਰੁਪਏ ਦਾ ਖ਼ਰਚ ਹੋਇਆ ਹੈ।
ਦੋ ਬੱਚਿਆਂ ਦੇ ਪਿਤਾ ਅਤੇ ਇਕ ਸਾਧਾਰਨ ਡਰਾਈਵਰ ਗੁਰਪਿੰਦਰ ਲਈ ਇਹ ਰਾਹਤ ਸ਼ਬਦਾਂ ਤੋਂ ਪਰੇ ਹੈ। ਉਹ ਕਹਿੰਦਾ ਹੈ,“ਹੁਣ ਸਕੂਨ ਹੈ ਕਿ ਮਾਂ ਬਿਨਾਂ ਇਲਾਜ ਦੇ ਨਹੀਂ ਮਰੇਗੀ, ਸਰਕਾਰ ਨੇ ਸਾਨੂੰ ਉਮੀਦ ਦਿਤੀ ਹੈ।”ਇਹ ਸਿਰਫ਼ ਇਲਾਜ ਦੀ ਕਹਾਣੀ ਨਹੀਂ, ਸਗੋਂ ਇਕ ਪੁੱਤਰ ਦੇ ਸੰਘਰਸ਼, ਮਾਂ ਲਈ ਪਿਆਰ ਅਤੇ ਇਕ ਅਜਿਹੀ ਯੋਜਨਾ ਦੀ ਕਹਾਣੀ ਹੈ ਜਿਸ ਨੇ ਮੁਸ਼ਕਲ ਵੇਲੇ ਵਿਚ ਸਹਾਰਾ ਬਣ ਕੇ ਇਕ ਪ੍ਰਵਾਰ ਨੂੰ ਟੁਟਣ ਤੋਂ ਬਚਾ ਲਿਆ।
