ਪੁਲਿਸ ਨੇ 5 ਵਿਰੁਧ ਕੇਸ ਕੀਤਾ ਦਰਜ
ਅੰਮ੍ਰਿਤਸਰ (ਪੱਤਰ ਪ੍ਰੇਰਕ): ਗਹਿਣੇ ਚੋਰੀ ਕਰ ਕੇ ਲੈ ਜਾਣ ਦੇ ਦੋਸ਼ ’ਚ 15 ਸਾਲਾ ਕੁੜੀ ਨੂੰ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ ’ਚ ਥਾਣਾ ਗੇਟ ਹਕੀਮਾ ਦੀ ਪੁਲਿਸ ਨੇ ਵਿਨੀਤ ਕੁਮਾਰ, ਹਨੀ, ਨੰਨੂ, ਮਲਕੀਤ ਸਿੰਘ ਅਤੇ ਉਨ੍ਹਾਂ ਦੇ ਇਕ ਅਣਪਛਾਤੇ ਸਾਥੀ ਵਿਰੁਧ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੇ ਭਰਾ ਸੁਜਲ ਸਹੋਤਾ ਨੇ ਦਸਿਆ ਕਿ 15 ਜੁਲਾਈ ਨੂੰ ਉਸ ਦੇ ਮਾਸੜ ਨੇ ਫ਼ੋਨ ਕਰ ਕੇ ਉਸ ਨੂੰ ਅਪਣੀ ਭੈਣ ਨਾਲ ਆਉਣ ਲਈ ਕਿਹਾ, ਜਿਥੇ ਉਸ ਦੀ ਭੈਣ ’ਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਦੋਸ਼ ਲਾਇਆ ਗਿਆ। ਪਹਿਲਾਂ ਤਾਂ ਮਾਸੜ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਅਪਣੇ ਭਰਾ ਨੰਨੂ ਨੂੰ ਬੁਲਾ ਲਿਆ।
ਦੋਵੇਂ ਉਸ ਦੀ ਭੈਣ ਨੂੰ ਇਕ ਕਮਰੇ ’ਚ ਲੈ ਗਏ, ਜਿਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੁੱਝ ਸਮੇਂ ਬਾਅਦ ਦੋਵੇਂ ਭਰਾ ਉਸ ਦੀ ਮਾਸੀ ਨੂੰ ਲੈ ਕੇ ਉਪਰਲੇ ਕਮਰੇ ’ਚ ਗਏ, ਉਹ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਚਲਾ ਗਿਆ। ਕਮਰੇ ’ਚ ਜਾ ਕੇ ਦੇਖਿਆ ਤਾਂ ਉਸ ਦੀ ਭੈਣ ਨਗਨ ਹਾਲਤ ’ਚ ਪਈ ਸੀ ਜਿਸ ਨੂੰ ਉਸ ਦੀ ਮਾਸੀ ਨੇ ਕੱਪੜੇ ਪਾਏ।
ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਸ ਦੇ ਮਾਸੜ ਨੇ ਅਪਣੀ ਲਾਲ ਰੰਗ ਦੀ ਗੱਡੀ ਕੱਢੀ ਅਤੇ ਲਾਸ਼ ਪਿਛਲੀ ਸੀਟ ’ਤੇ ਰੱਖ ਦਿਤੀ। ਫਿਰ ਉਸ ਨੂੰ ਅਤੇ ਉਸ ਦੀ ਮਾਸੀ ਨੂੰ ਬਿਠਾ ਕੇ ਉਹ ਉਨ੍ਹਾਂ ਦੇ ਘਰ ਜਲੰਧਰ ਵਲ ਚਲ ਪਿਆ। ਸੁਜਲ ਨੇ ਦਸਿਆ ਕਿ ਉਸ ਦਾ ਮਾਸੜ ਵਿਨੀਤ ਕੁਮਾਰ ਉਸ ਦੀ ਭੈਣ ਨਾਲ ਗ਼ਲਤ ਸਬੰਧ ਬਣਾਉਣਾ ਚਾਹੁੰਦਾ ਸੀ। ਜਦੋਂ ਉਸ ਦੀ ਭੈਣ ਨੇ ਇਸ ਦਾ ਇਨਕਾਰ ਕੀਤਾ ਤਾਂ ਮੁਲਜ਼ਮ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ।
