ਏਜੀਟੀਐੱਫ ਨੇ ਹਰਿਆਣਾ ਐੱਸਟੀਐੱਫ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਂਝੇ ਤੌਰ 'ਤੇ ਕੀਤੀ ਕਾਰਵਾਈ
ਚੰਡੀਗੜ੍ਹ : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਵਿਦੇਸ਼ 'ਚ ਲੁਕੇ ਖ਼ਤਰਨਾਕ ਗੈਂਗਸਟਰ ਵਰਿੰਦਰ ਜੋਬਨ ਨੂੰ ਅਫ਼ਰੀਕੀ ਦੇਸ਼ ਅੰਗੋਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ । ਏਜੀਟੀਐਫ ਦੇ ਐਸ.ਪੀ.ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਜਾ ਰਿਹਾ ਹੈ ਕਿ ਲਗਭਗ 3 ਮਹੀਨੇ ਤੱਕ ਚੱਲੀ ਖ਼ੁਫ਼ੀਆ ਜਾਂਚ ਮਗਰੋਂ ਇਹ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਲੋੜੀਂਦੇ ਮੁਲਜ਼ਮ ਮਨਜੋਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਕਤ ਦੋਹਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਸੂਬਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਏਜੀਟੀਐੱਫ ਨੇ ਹਰਿਆਣਾ ਐੱਸ. ਟੀ. ਐੱਫ. ਅਤੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਤੌਰ 'ਤੇ ਕੰਮ ਕੀਤਾ, ਜਿਸ ਤੋਂ ਬਾਅਦ ਵਰਿੰਦਰ ਜੋਬਨ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਵਰਿੰਦਰ ਜੋਬਨ ਲੰਬੇ ਸਮੇਂ ਤੋਂ ਪੰਜਾਬ ਪੁਲਸ ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਸੀ। ਉਹ ਸਾਲ 2023 'ਚ ਜਰਨੈਲ ਸਿੰਘ ਸਤੀਆਲਾ ਕਤਲਕਾਂਡ ਦਾ ਮੁਲਜ਼ਮ ਹੈ । 2024 'ਚ ਦੀਪੂ ਜਨਾਲੇ ਕਤਲਕਾਂਡ 'ਚ ਵੀ ਵਰਿੰਦਰ ਜੋਬਨ ਦਾ ਨਾਂ ਸਾਹਮਣੇ ਆਇਆ ਸੀ । ਇਸ ਤੋਂ ਇਲਾਵਾ ਸਾਲ 2025 'ਚ ਵਿੱਕੀ ਚੁੱਘਾ ਕਤਲਕਾਂਡ ਦਾ ਵੀ ਉਹ ਮੁਲਜ਼ਮ ਹੈ। ਇਨ੍ਹਾਂ ਸਾਰੇ ਮਾਮਲਿਆਂ 'ਚ ਉਸ ਦੇ ਖ਼ਿਲਾਫ਼ ਕਤਲ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਉਹ ਵਿਦੇਸ਼ ਭੱਜ ਗਿਆ ਸੀ ਅਤੇ ਹੁਣ ਲੰਬੇ ਸਮੇਂ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
