ਖੇਤਾਂ ਵਿੱਚ ਸੁੱਟੀ ਲਾਸ਼, ਮਹਿਕਪ੍ਰੀਤ ਕੌਰ (20) ਵਜੋਂ ਹੋਈ ਮ੍ਰਿਤਕਾ ਦੀ ਪਛਾਣ
ਕੋਟਕਪੂਰਾ: ਕੋਟਕਪੂਰਾ ਵਿੱਚ ਆਨਰ ਕਿਲਿੰਗ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪਿੰਡ ਬੁਰਜ ਹਰੀਕਾ ਵਿੱਚ ਆਪਣੇ ਹੀ ਪਿੰਡ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਨ ਵਾਲੀ ਲੜਕੀ ਦਾ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ 'ਤੇ ਕਤਲ ਕਰਕੇ ਲਾਸ਼ ਖੇਤਾਂ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਮਹਿਕਪ੍ਰੀਤ ਕੌਰ (20) ਵਜੋਂ ਹੋਈ ਹੈ। ਉਸ ਦੀ ਲਾਸ਼ ਮੰਗਲਵਾਰ ਨੂੰ ਕੋਟਕਪੂਰਾ ਨੇੜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਦੇ ਕਿਨਾਰੇ ਸਥਿਤ ਖੇਤਾਂ ਵਿੱਚੋਂ ਬਰਾਮਦ ਹੋਈ। ਸੂਚਨਾ ਮਿਲਣ 'ਤੇ ਥਾਣਾ ਸਿਟੀ ਕੋਟਕਪੂਰਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਭੇਜ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮਹਿਕਪ੍ਰੀਤ ਕੌਰ ਨੇ ਕਰੀਬ ਢਾਈ ਮਹੀਨੇ ਪਹਿਲਾਂ 4 ਮਈ 2026 ਨੂੰ ਆਪਣੇ ਹੀ ਪਿੰਡ ਦੇ ਨੌਜਵਾਨ ਜਗਦੀਪ ਸਿੰਘ ਨਾਲ ਪ੍ਰੇਮ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵੇਂ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਵਿੱਚ ਰਹਿ ਰਹੇ ਸਨ।ਪੁਲਿਸ ਮੁਤਾਬਕ ਸੋਮਵਾਰ ਸ਼ਾਮ ਦੋਵੇਂ ਮੋਟਰਸਾਈਕਲ 'ਤੇ ਕੋਟਕਪੂਰਾ ਆ ਰਹੇ ਸਨ। ਇਸ ਦੌਰਾਨ ਨੈਸ਼ਨਲ ਹਾਈਵੇ ਨੇੜੇ ਮਹਿਕਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਜਗਦੀਪ ਸਿੰਘ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਜਦਕਿ ਮਹਿਕਪ੍ਰੀਤ ਕੌਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਾਬੂ ਕਰ ਲਿਆ। ਦੋਸ਼ ਹੈ ਕਿ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਸੜਕ ਕਿਨਾਰੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ, ਡੀਐਸਪੀ (ਡੀ) ਅਵਤਾਰ ਸਿੰਘ ਰਾਜਪਾਲ, ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਸੁਖਵਿੰਦਰ ਸਿੰਘ ਅਤੇ ਸੀਆਈਏ ਸਟਾਫ ਸਮੇਤ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ।
ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਉਸ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸਨ ਅਤੇ ਇਸੇ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
