Punjab Weather Update: ਪੰਜਾਬ ਵਿਚ ਕਈ ਥਾਈਂ ਤਾਪਮਾਨ 40 ਡਿਗਰੀ ਤੱਕ ਪਹੁੰਚਿਆ
ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਗਰਮੀ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਵੀ ਸੂਬੇ ’ਚ ਲੂ (ਹੀਟਵੇਵ) ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ 26 ਅਪ੍ਰੈਲ ਤੱਕ ਦੀ ਜ਼ਿਲ੍ਹਾਵਾਰ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਕੁਝ ਦਿਨਾਂ ’ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਮੌਸਮ ਵਿਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਸਥਿਤੀ ਆਮ ਰਹੇਗੀ ਅਤੇ ਕਿਸੇ ਵੀ ਜ਼ਿਲ੍ਹੇ ਲਈ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਉਥੇ ਹੀ 26 ਤਾਰੀਖ਼ ਨੂੰ ਮੌਸਮ ਵਿਚ ਬਦਲਾਅ ਵੇਖਣ ਨੂੰ ਮਿਲੇਗਾ ਅਤੇ ਹਲਕੀ ਬਾਰਸ਼ ਹੋਣ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ। 24 ਅਪ੍ਰੈਲ ਤੋਂ ਸੂਬੇ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ ’ਚ ਗਰਮੀ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ।
ਫਾਜ਼ਿਲਕਾ, ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ ਅਤੇ ਐੱਸ. ਏ. ਐੱਸ. ਨਗਰ ਸਮੇਤ ਕਈ ਜ਼ਿਲ੍ਹਿਆਂ ਵਿਚ ਲੂ ਚੱਲਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 25 ਅਪ੍ਰੈਲ ਨੂੰ ਵੀ ਇਨ੍ਹਾਂ ਇਲਾਕਿਆਂ ’ਚ ਗਰਮੀ ਦੇ ਨਾਲ-ਨਾਲ ਗਰਮ ਰਾਤਾਂ ਰਹਿਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
