'ਲੋਕਤੰਤਰ ਨੂੰ ਕੁਚਲਣ ਵਿੱਚ ਲੱਗੀ ਰਹੀ ‘ਆਪ' ਸਰਕਾਰ, ਜਨਤਾ ਨੇ ਵੋਟ ਦੀ ਤਾਕਤ ਨਾਲ ਦਿੱਤਾ ਜਵਾਬ'
ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਕੇਵਲ ਚੋਣ ਨਤੀਜਾ ਨਹੀਂ, ਸਗੋਂ ਲੋਕਤੰਤਰ, ਸੱਚਾਈ ਅਤੇ ਜਨ-ਸ਼ਕਤੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਅਦਮੀ ਪਾਰਟੀ ਦੀ ਸਰਕਾਰ ਨੇ ਪੂਰੀਆਂ ਚੋਣਾਂ ਦੌਰਾਨ ਸੱਤਾ ਦੀ ਦੁਰਵਰਤੋਂ ਕੀਤੀ, ਹਿੰਸਾ ਨੂੰ ਬੜ੍ਹਾਵਾ ਦਿੱਤਾ ਅਤੇ ਲੋਕਤੰਤਰੀ ਮਰਿਆਦਾਵਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਉਸ ਦੇ ਬਾਵਜੂਦ ਕਾਂਗਰਸ ਵਰਕਰਾਂ ਨੇ ਹਿੰਮਤ ਨਹੀਂ ਹਾਰੀ ਅਤੇ ਜਨਤਾ ਸੱਚ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੀ।
ਰੰਧਾਵਾ ਨੇ ਕਿਹਾ ਕਿ ਜੇਕਰ ਚੋਣਾਂ ਨਿਰਪੱਖ ਮਾਹੌਲ ਵਿੱਚ ਹੁੰਦੀਆਂ ਅਤੇ ਸੱਤਾ ਦਾ ਧੱਕਾ ਨਾ ਚੱਲਦਾ, ਤਾਂ ਕਾਂਗਰਸ ਦੀ ਜਿੱਤ ਹੋਰ ਵੀ ਵੱਡੀ ਅਤੇ ਇਤਿਹਾਸਕ ਹੁੰਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਉਹ ਝੂਠੇ ਪ੍ਰਚਾਰ, ਇਸ਼ਤਿਹਾਰਾਂ ਅਤੇ ਸਿਆਸੀ ਡਰਾਮੇਬਾਜ਼ੀ ਤੋਂ ਅੱਕ ਚੁੱਕੇ ਹਨ। ਜਨਤਾ ਹੁਣ ਕੰਮ ਅਤੇ ਸੱਚਾਈ ਦੀ ਰਾਜਨੀਤੀ ਚਾਹੁੰਦੀ ਹੈ, ਜੋ ਕੇਵਲ ਕਾਂਗਰਸ ਹੀ ਦੇ ਸਕਦੀ ਹੈ।
ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਕਈ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਚੋਣਾਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕਾਂਗਰਸ ਉਮੀਦਵਾਰਾਂ ਅਤੇ ਵਰਕਰਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਕਈ ਥਾਵਾਂ ’ਤੇ ਕਾਂਗਰਸ ਸਮਰਥਕਾਂ ਨਾਲ ਕੁੱਟਮਾਰ ਕੀਤੀ ਗਈ, ਉਨ੍ਹਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਾਨਲੇਵਾ ਹਮਲੇ ਤੱਕ ਕੀਤੇ ਗਏ। ਸੱਤਾ ਦੀ ਸਰਪ੍ਰਸਤੀ ਹੇਠ ਗੁੰਡਾਗਰਦੀ ਦਾ ਖੁੱਲ੍ਹਾ ਖੇਡ ਚੱਲਦਾ ਰਿਹਾ, ਪਰ ਕਾਂਗਰਸ ਵਰਕਰ ਝੁਕੇ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਸੀ ਅਤੇ ਲੋਕਾਂ ਨੇ ਵੋਟ ਦੀ ਤਾਕਤ ਨਾਲ ਇਸ ਹੰਕਾਰੀ ਸਰਕਾਰ ਨੂੰ ਜਵਾਬ ਦਿੱਤਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਸਿਆਸੀ ਹਥਿਆਰ ਬਣਾ ਕੇ ਇਸਤੇਮਾਲ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਦਬਾਅ ਬਣਾਇਆ ਗਿਆ, ਪੁਲਿਸ ਦੀ ਦੁਰਵਰਤੋਂ ਹੋਈ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਈ ਥਾਵਾਂ ’ਤੇ ਕਾਂਗਰਸ ਸਮਰਥਕਾਂ ਨੂੰ ਬੂਥਾਂ ਤੱਕ ਪਹੁੰਚਣ ਤੋਂ ਰੋਕਣ ਦੀਆਂ ਸ਼ਿਕਾਇਤਾਂ ਮਿਲੀਆਂ, ਪਰ ਇਸ ਦੇ ਬਾਵਜੂਦ ਕਾਂਗਰਸ ਨੇ ਮਜ਼ਬੂਤੀ ਨਾਲ ਮੁਕਾਬਲਾ ਕੀਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਿਖਾਇਆ।
ਉਨ੍ਹਾਂ ਭਾਜਪਾ ’ਤੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਰਮਨਾਕ ਰਿਹਾ ਹੈ। ਸ਼ਹਿਰੀ ਵੋਟਰ ਵੀ ਹੁਣ ਭਾਜਪਾ ਤੋਂ ਦੂਰੀ ਬਣਾਉਂਦਾ ਦਿਖਾਈ ਦੇ ਰਿਹਾ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵਾਂ ਨੇ ਮਿਲ ਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦਾ ਕੰਮ ਕੀਤਾ, ਪਰ ਜਨਤਾ ਨੇ ਦੋਵਾਂ ਪਾਰਟੀਆਂ ਦੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ।
ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਤੰਤਰ, ਸੰਵਿਧਾਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਦੀ ਰਹੇਗੀ। ਉਨ੍ਹਾਂ ਕਾਂਗਰਸ ਵਰਕਰਾਂ ਦੀ ਬਹਾਦਰੀ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਧਮਕੀਆਂ, ਹਿੰਸਾ ਅਤੇ ਹਮਲਿਆਂ ਦੇ ਬਾਵਜੂਦ ਪਾਰਟੀ ਦਾ ਝੰਡਾ ਬੁਲੰਦ ਰੱਖਿਆ, ਉਹੀ ਕਾਂਗਰਸ ਦੀ ਅਸਲ ਤਾਕਤ ਹਨ। ਪੰਜਾਬ ਦੀ ਜਨਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਡਰ ਅਤੇ ਦਬਾਅ ਦੀ ਰਾਜਨੀਤੀ ਜ਼ਿਆਦਾ ਸਮਾਂ ਨਹੀਂ ਚੱਲ ਸਕਦੀ।
