ਸੂਬੇ ਦੇ ਭਵਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੁਪਹਿਰ-ਭੋਜ ਦੌਰਾਨ ਇੱਕ ਮਹੱਤਵਪੂਰਨ ਭੇਂਟ ਵਾਰਤਾ ਵਿੱਚ ਸੂਬੇ ਦੇ ਵਿਕਾਸ 'ਤੇ ਅਧਾਰਿਤ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਲਿਖੀ ਕਿਤਾਬ 'ਪੈਰੀਲਸ ਇੰਟਰਵੈਂਸ਼ਨਜ਼: ਦ ਸਕਿਉਰਿਟੀ ਕੌਂਸਲ ਐਂਡ ਪੌਲਟਿਕਸ ਆਫ਼ ਚਾਓਜ਼ ' ਵੀ ਮੁੱਖ ਮੰਤਰੀ ਅਤੇ ਕਈ ਹੋਰ ਸਥਾਨਕ ਸਰਕਾਰਾਂ ਮੰਤਰੀਆਂ ਨੂੰ ਭੇਂਟ ਕੀਤੀ। ਇਸੇ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਵੀ ਕੇਂਦਰੀ ਮੰਤਰੀ ਨੂੰ ਉਹਨਾਂ ਦੁਆਰਾ ਲਿਖੀਆਂ 6 ਕਿਤਾਬਾਂ ਦਾ ਇੱਕ ਸੈੱਟ ਭੇਂਟ ਕੀਤਾ ।
ਇਸ ਤੋਂ ਪਹਿਲੋਂ ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਕਈ ਪ੍ਰਮੁੱਖ ਲਾਹੇਵੰਦ ਸਕੀਮਾਂ ਜਿਵੇਂ ਅਟਲ ਮਿਸ਼ਨ ਫਾਰ ਰਿਜੁਵਨੇਸ਼ਨ ਐਂਡ ਅਰਬਨ ਟ੍ਰਾਂਸਫਰਮੇਸ਼ਨ (ਅਮਰੁਤ), ਸਮਾਰਟ ਸਿਟੀ ਮਿਸ਼ਨ, ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ(ਪਮੇਯ), ਹੈਰੀਟੇਜ ਸਿਟੀ ਡਵੈਲਪਮੈਂਟ ਐਂਡ ਅਗਮੈਂਟੇਸ਼ਨ ਯੋਜਨਾ(ਹਿਰਦੇ), ਅਤੇ ਦੀਨ ਦਿਆਲ ਉਪਾਧਆ ਅਨਤੋਦਯ ਯੋਜਨਾ-ਨੈਸ਼ਨਲ ਅਰਬਨ ਲਾÎਈਵਲੀਹੁਡ ਮਿਸ਼ਨ (ਡੇ-ਨਲਮ) ਦਾ ਜਾਇਜ਼ਾ ਵੀ ਲਿਆ।ਕੇਂਦਰੀ ਮੰਤਰੀ ਨੂੰ ਇਹਨਾਂ ਸਕੀਮਾਂ ਦੀ ਸਫਲਤਾ ਅਤੇ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਨੇ ਦੱਸਿਆ ਕਿ ਸੂਬੇ ਦੇ 61 ਸ਼ਹਿਰਾਂ ਨੂੰ ਖੁੱਲ੍ਹੇਆਮ ਸ਼ੌਚ ਕਰਨ ਤੋਂ ਮੁਕਤ ਕੀਤਾ ਜਾ ਚੱਕਾ ਹੈ ਅਤੇ 30 ਜੂਨ 2018 ਤੱਕ ਇਸ ਕੋੜ ਨੂੰ ਪੂਰੇ ਸੂਬੇ ਵਿੱਚੋਂ ਖਤਮ ਕਰ ਦਿੱਤਾ ਜਾਵੇਗਾ।
ਸ੍ਰੀ ਸਿੱਧੂ ਇਸ ਸਬੰਧੀ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਆਉਣ ਵਾਲੇ 6 ਮਹੀਨਿਆਂ ਦੌਰਾਨ ਕੂੜਾ-ਕਰਕਟ ਤੇ ਹੋਰ ਸੁੱਟਣਯੋਗ ਪਦਾਰਥਾਂ ਦੀ ਪ੍ਰੋਸੈਸਿੰਗ ਦਾ ਕੰਮ ਵੀ 15 ਪ੍ਰਤੀਸ਼ਤ ਤੋਂ ਵਧਕੇ 40 ਪ੍ਰਤੀਸ਼ਤ ਹੋਣ ਦੀ ਆਸ ਹੈ। ਆਈ.ਸੀ.ਸੀ.ਸੀ ਪ੍ਰੋਜੈਕਟ ਬਾਰੇ ਖੁਲਾਸਾ ਕਰਦਿਆਂ ਮੰਤਰੀ ਨੇ ਦੱਸਿਆ ਕਿ ਵਿਕਾਸ ਦੀ ਲੜੀ ਦੇ ਪਹਿਲੇ ਪੜਾਅ ਤਹਿਤ ਲੁਧਿਆਣਾ ਨੂੰ ਸਮਾਰਟ ਸਿਟੀ ਬਨਾਉਣ ਦਾ ਕੰਮ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ।
ਸਿੱਧੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਫਰਵਰੀ 'ਚ ਸ੍ਰੀ ਅੰਮ੍ਰਿਤਸਰ ਵਿਖੇ ਹਿਰਦੇ ਸਕੀਮ ਦੇ ਉਦਘਾਟਨ ਦਾ ਸੱਦਾ ਕਬੂਲ ਲਿਆ ਹੈ ਅਤੇ ਇਸ ਉਦਘਾਟਨੀ ਸਮਾਰੋਹ ਵਿੱਚ ਉਹਨਾਂ ਵੱਲੋਂ ਮੁੱਖ ਮੰਤਰੀ ਨੂੰ ਭੇਜੇ ਸੱਦੇ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ। ਇਸ ਮੌਕੇ ਉਹਨਾਂ ਹੋਰ ਦੱਸਦਿਆਂ ਕਿਹਾ ਕਿ 31 ਮਾਰਚ 2018 ਤੱਕ ਸਮਾਰਟ ਸਿਟੀ ਸਕੀਮ ਅਧੀਨ ਕੁਲ 700 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਤਰਜ਼ 'ਤੇ ਪ੍ਰੋਜੈਕਟਾਂ ਲਈ 46.5 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਤੇ ਹੋਰ 24 ਕਰੋੜ ਦੇ ਪ੍ਰੋਜੈਕਟਾਂ ਲਈ ਰਾਸ਼ੀ ਵੰਡਣ ਦੀ ਪ੍ਰਕਿਰਿਆ ਆਖਰੀ ਪੜਾਅ 'ਤੇ ਹੈ। ਜਦ ਕਿ 209 ਕਰੋੜ ਰੁਪਏ ਦੇ ਪ੍ਰੋਜੈਕਟ ਪਾਸ ਹੋਣ ਦੀ ਪ੍ਰਕਿਰਿਆ ਅਧੀਨ ਹਨ।
ਅਮਰੁਤ ਸਕੀਮ ਬਾਰੇ ਬੋਲਦਿਆਂ ਉਨਾਂ ਕਿਹਾ ਕਿ 300 ਕਰੋੜ ਦੀ ਲਾਗਤ ਦੇ ਪ੍ਰੋਜੈਕਟ ਅਮਰੁਤ ਸ਼ਹਿਰਾਂ ਵਿੱਚ ਕਾਰਜ ਅਧੀਨ ਹਨ ਅਤੇ ਸੂਬੇ ਵਿੱਚ ਲਗਭਗ 70 ਪ੍ਰਤੀਸ਼ਤ ਦੇ ਕਰੀਬ ਇੰਡੀਵਿਜੁਅਲ ਹਾਊਸਹੋਲਡ ਲੈਟਰਿਨਜ਼(ਆਈ.ਐਚ.ਐਚ.ਐਲ) ਵੀ ਬਣਾਈਆਂ ਜਾ ਚੁੱਕੀਆਂ ਹਨ।ਅੱਗੇ ਦੱਸਦਿਆਂ ਸਿੱਧੂ ਨੇ ਕਿਹਾ ਹਿਰਦੇ ਸਕੀਮ ਦੇ ਸਬੰਧ ਵਿਚ ਵੀ 70 ਫੀਸਦੀ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਸਮਾਰਟ ਸਿਟੀ ਯੋਜਨਾ ਤਹਿਤ ਕਾਮਨ ਐਫਲੁਐਂਟ ਟ੍ਰੀਟਮੈਂਟ ਪਲਾਂਟ(ਸੀ.ਈ.ਟੀ.ਪੀ)ਵੀ ਸ਼ਾਮਿਲ ਕੀਤੇ ਜਾਣਗੇ। ਉਹਨਾਂ ਦੱਸਿਆ ਕਿ 3 ਮਹੀਨਿਆਂ ਬਾਅਦ ਇਨਾਂ ਸਕੀਮਾਂ ਤੇ ਪ੍ਰੋਜੈਕਟਾਂ ਦਾ ਜਾਇਜ਼ਾ ਫਿਰ ਲਿਆ ਜਾਵੇਗਾ।
ਇਸ ਮੌਕੇ ਕੇਂਦਰੀ ਮੰਤਰੀ ਨੇ ਪੰਜਾਬ ਵਲੋਂ ਇਹਨਾਂ ਸਕੀਮਾਂ ਦੀ ਸਫਲਤਾ ਨਾਲ ਲਾਗੂ ਕਰਨ 'ਤੇ ਸ਼ਲਾਘਾ ਵੀ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਹਰ ਕਿਸਮ ਦੀ ਸਹਾਇਤਾ ਮਿਲਣ ਦਾ ਯਕੀਨ ਵੀ ਦਿੱਤਾ। ਉਹਨਾਂ ਦੱਸਿਆ ਕਿ ਪਹਿਲਾਂ ਉਹ ਸੂਬੇ ਵਿੱਚ ਇਹਨਾਂ ਸਕੀਮਾਂ ਦੇ ਲਾਗੂ ਕਰਨ ਸਬੰਧੀ ਜ਼ਿਆਦਾ ਆਸ਼ਾਵਾਦੀ ਸੋਚ ਨਹੀਂ ਸਨ ਰੱਖਦੇ ਪਰ ਸਿੱਧੂ ਨਾਲ ਵਾਰਤਾ ਕਰਨ ਪਿੱਛੋਂ ਉਹਨਾਂ ਨੂੰ ਸਕੀਮਾਂ ਦੀ ਸਫਲਤਾਪੂਰਵਕ ਲਾਗੂ ਹੋਣ ਦਾ ਪੂਰਨ ਭਰੋਸਾ ਹੋ ਗਿਆ ਹੈ।
ਇਸ ਮੌਕੇ ਮੁੱਖ ਸਕੱਤਰ, ਸ੍ਰੀ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ, ਪੰਜਾਬ, ਸ੍ਰੀ ਏ ਵੇਨੂ ਪ੍ਰਸਾਦ, ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ, ਪੰਜਾਬ, ਸ੍ਰੀ ਕਰਨੇਸ਼ ਸ਼ਰਮਾ , ਸੀਈਓ, ਪੰਜਾਬ ਮਿਉਂਸੀਪਲ ਇਨਫ੍ਰਾਸਟ੍ਰਕਚਰ ਡਵੈਲਪਮੈਂਟ ਕੰਪਨੀ(ਪੀ.ਐਮ.ਆਈ.ਡੀ.ਸੀ) ਸ੍ਰੀ ਅਜੋਯ ਸ਼ਰਮਾ, ਡਾਇਰੈਕਟਰ ਟਾਊਨ ਪਲÎਨਿੰਗ, ਸ੍ਰੀ ਕੇ.ਕੇ ਯਾਦਵ, ਕਮਿਸ਼ਨਰ ਐਮ.ਸੀ ਲੁਧਿਆਣਾ ਸ੍ਰੀ ਜਸਕਿਰਨ ਸਿੰਘ, ਸੀ.ਏ ਪੁੱਡਾ, ਸ੍ਰੀ ਰਵੀ ਭਗਤ, ਇੰਚਾਰਜ ਸਮਾਰਟ ਸਿਟੀ ਪ੍ਰੋਜੈਕਟ ਅਮ੍ਰਿਤਸਰ ਸ੍ਰੀਮਤੀ ਦੀਪਤੀ ਉੱਪਲ ਅਤੇ ਕਮਿਸ਼ਨਰ ਐਮ ਸੀ ਅੰਮ੍ਰਿਤਸਰ, ਸ੍ਰੀਮਤੀ ਸੋਨਾਲੀ ਗਿਰੀ ਵੀ ਸ਼ਾਮਲ ਸਨ।
end-of