
ਚੰਡੀਗੜ੍ਹ, 3 ਫ਼ਰਵਰੀ (ਜੀ.ਸੀ. ਭਾਰਦਵਾਜ): ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਸ਼ਹਿਰੀ ਪ੍ਰਾਜੈਕਟਾਂ ਨਾਲ ਸਬੰਧਤ ਮੰਤਰੀਆਂ, ਮੁੱਖ ਸਕੱਤਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਰਿਵਿਊ ਬੈਠਕਾਂ ਕਰ ਕੇ ਵਿਕਾਸ ਸਕੀਮਾਂ ਦਾ ਜਾਇਜ਼ਾ ਲਿਆ। ਹਰ ਤਿਮਾਹੀ ਮਗਰੋਂ ਕੀਤੀ ਜਾ ਰਹੀ ਇਸ ਮੀਟਿੰਗ ਤੋਂ ਪਹਿਲਾਂ ਪੁਰੀ ਆਸਾਮ ਵਿਚ ਗੁਹਾਟੀ ਅਤੇ ਕਰਨਾਟਕਾ ਦੇ ਬੈਂਗਲੁਰੂ ਵਿਚ ਵੀ ਬੈਠਕਾਂ ਕਰ ਆਏ ਹਨ।
ਸ. ਹਰਦੀਪ ਸਿੰਘ ਪੁਰੀ ਨੇ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੁਪਹਿਰ-ਭੋਜ ਦੌਰਾਨ ਇਕ ਮਹੱਤਵਪੂਰਨ ਮੁਲਾਕਾਤ ਵਿਚ ਸੂਬੇ ਦੇ ਵਿਕਾਸ ਤੇ ਅਧਾਰਤ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਨੇ ਉਨ੍ਹਾਂ ਵਲੋਂ ਲਿਖੀ ਕਿਤਾਬ 'ਪੈਰੀਲਸ ਇੰਟਰਵੈਂਸ਼ਨਜ਼: ਦ ਸਕਿਉਰਿਟੀ ਕੌਂਸਲ ਐਂਡ ਪੌਲਟਿਕਸ ਆਫ਼ ਚਾਓਜ਼' ਵੀ ਮੁੱਖ ਮੰਤਰੀ ਅਤੇ ਕਈ ਹੋਰ ਸਥਾਨਕ ਸਰਕਾਰਾਂ ਮੰਤਰੀਆਂ ਨੂੰ ਭੇਂਟ ਕੀਤੀ। ਇਸੇ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਵੀ ਕੇਂਦਰੀ ਮੰਤਰੀ ਨੂੰ ਉਨ੍ਹਾਂ ਦੁਆਰਾ ਲਿਖੀਆਂ 6 ਕਿਤਾਬਾਂ ਦਾ ਇਕ ਸੈੱਟ ਭੇਂਟ ਕੀਤਾ।ਇਸ ਉਪਰੰਤ ਸੈਕਟਰ 6 ਦੇ ਯੂਟੀ ਗੈਸਟ ਹਾਊਸ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ ਨੂੰ 15 ਮਿੰਟ ਸੰਬੋਧਨ ਕਰਨ ਤੋਂ ਬਾਅਦ ਹਰਦੀਪ ਸਿੰਘ ਚਲਦੇ ਬਣੇ। ਇਕ ਦੋ ਸਵਾਲਾਂ ਦਾ ਕਾਹਲੀ ਵਿਚ ਜਵਾਬ ਦਿੰਦੇ ਹੋਏ ਉਨ੍ਹਾਂ, ਪੰਜਾਬ ਦੇ ਮੁੱਖ ਮੰਤਰੀ ਵਲੋਂ ਲਿਖੀ ਚਿੱਠੀ ਕਿ ਕੇਂਦਰ ਦੀਆਂ ਵਿਕਾਸ ਸਕੀਮਾਂ ਵਿਚ ਹਿੱਸੇਦਾਰੀ ਦੇ ਅਨੁਪਾਤ 60-40 ਨੂੰ ਵਧਾ ਕੇ ਕੇਂਦਰ ਤੇ ਰਾਜਾਂ ਦੇ ਹਿੱਸੇ ਦਾ ਅਨੁਪਾਤ 90-10 ਕਰ ਦਿਤਾ ਜਾਵੇ, ਨੂੰ ਰੱਦ ਕਰ ਦਿਤਾ। ਪੁਰੀ ਨੇ ਕਿਹਾ ਕਿ ਜੇ ਸੂਬਿਆਂ ਵਿਚ ਵਿੱਤੀ ਸੰਕਟ ਹੈ ਤਾਂ ਕੇਂਦਰ ਕੋਲ ਵੀ ਵਾਧੂ ਪੈਸਾ ਨਹੀਂ ਹੈ ਅਤੇ ਕੇਂਦਰ ਸਰਕਾਰ ਦੀ ਵਿੱਤੀ ਹਾਲਤ ਖ਼ਰਾਬ ਹੀ ਹੈ। ਇਹ ਪੁੱਛੇ ਜਾਣ 'ਤੇ ਕਿ ਕੇਂਦਰ ਦੀਆਂ ਜ਼ਿਆਦਾਤਰ ਸਕੀਮਾਂ ਸ਼ਹਿਰਾਂ ਲਈ ਹੀ ਹਨ ਜਿਥੇ 35 ਫ਼ੀ ਸਦੀ ਆਬਾਦੀ ਹੈ, ਪਿੰਡਾਂ ਵਲ ਧਿਆਨ ਘੱਟ ਹੈ, ਦੇ ਜਵਾਬ ਵਿਚ ਪੁਰੀ ਨੇ ਇਹ ਕਹਿ ਕੇ ਟਾਲ ਦਿਤਾ ਕਿ ਉਨ੍ਹਾਂ ਕੋਲ ਤਾਂ ਸ਼ਹਿਰੀ ਵਿਕਾਸ ਸਕੀਮਾਂ ਦਾ ਹੀ ਚਾਰਜ ਹੈ।
ਸਵੱਛ ਭਾਰਤ, ਅਮਰੁਤ ਯੋਜਨਾ, ਆਵਾਸ ਯੋਜਨਾ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਸਕੀਮਾਂ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਤਿੰਨ ਸਮਾਰਟ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਸਮੇਤ 11 ਵਿਕਾਸ ਪ੍ਰਾਜੈਕਟਾਂ 'ਤੇ 3385 ਕਰੋੜ ਖ਼ਰਚੇ ਜਾਣਗੇ। ਪੰਜਾਬ ਦੇ 460000 ਸ਼ਹਿਰੀ ਘਰਾਂ ਨੂੰ ਜਲ ਸਪਲਾਈ ਕੁਨੈਕਸ਼ਨ ਦਿਤੇ ਜਾ ਰਹੇ ਹਨ। ਪੰਜਾਬ ਦੀ ਮੰਗ ਕਿ 3,50,000 ਸਸਤੇ ਸ਼ਹਿਰੀ ਮਕਾਨਾਂ ਦੀ ਉਸਾਰੀ ਹੋਵੇ, ਸਬੰਧੀ ਮੰਤਰੀ ਨੇ ਸਪੱਸ਼ਟ ਕੀਤਾ ਕਿ 2022 ਤਕ 50 ਫ਼ੀ ਸਦੀ ਅਜਿਹੇ ਮਕਾਨ ਉਸਾਰੇ ਜਾ ਸਕਦੇ ਹਨ। ਸ. ਹਰਦੀਪ ਪੁਰੀ ਨੇ ਦਸਿਆ ਕਿ ਖੁੱਲ੍ਹੇ ਵਿਚ ਜੰਗਲ ਪਾਣੀ ਮੁਕਤ ਪੰਜਾਬ ਦੇ ਟੀਚੇ ਤਹਿਤ ਅਜੇ 56 ਫ਼ੀ ਸਦੀ ਕਾਮਯਾਬੀ ਮਿਲੀ ਹੈ। ਇਹ ਨਿਸ਼ਾਲਾ ਅਕਤੂਬਰ ਤਕ ਪੂਰਾ ਕਰ ਲਿਆ ਜਾਵੇਗਾ। ਹੈਰੀਟੇਜ ਸ਼ਹਿਰ ਅੰਮ੍ਰਿਤਸਰ ਦੇ 11 ਪ੍ਰਾਜੈਕਟਾਂ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਪੁਰੀ ਨੇ ਦਸਿਆ ਕਿ ਫ਼ਿਲਹਾਲ 62 ਕਰੋੜ ਮਨਜ਼ੂਰ ਹੋਏ ਹਨ। ਇਸ ਰਕਮ ਵਿਚੋਂ 43 ਕਰੋੜ ਰੀਲੀਜ਼ ਕਰ ਦਿਤੇ ਹਨ ਜਿਸ ਨਾਲ ਰਾਮ ਬਾਗ਼ ਤੇ ਹੋਰ ਇਤਿਹਾਸਕ ਥਾਵਾਂ ਦੇ ਵਿਕਾਸ ਲਈ ਛੇਤੀ ਕੰਮ ਸ਼ੁਰੂ ਹੋ ਜਾਵੇਗਾ। ਪੁਰੀ ਦੇ ਨਾਲ ਬੈਠਕ ਪੰਜਾਬ ਦੇ ਸੈਨੀਟੇਸ਼ਨ ਤੇ ਜਲ ਸਪਲਾਈ ਮੰਤਰੀ ਸ. ਨਵਜੋਤ ਸਿੱਧੂ ਨੇ ਜਲ੍ਹਿਆਂਵਾਲਾ ਬਾਗ਼ ਦੇ ਗੋਲੀ ਕਾਂਡ ਦੀ 150ਵੀਂ ਬਰਸੀ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਕਾਸ਼ ਉਤਸਵ ਮਨਾਉਣ ਸਬੰਧੀ ਮੰਗੀ 100-150 ਕਰੋੜ ਦੀ ਰਕਮ ਨੂੰ ਕੇਂਦਰ ਵਲੋਂ ਰੱਦ ਕੀਤੇ ਜਾਣ 'ਤੇ ਕੋਈ ਗਿਲਾ ਨਹੀਂ ਕੀਤਾ।