
1.90 ਕਰੋੜ ਦੀ ਲਾਗਤ ਨਾਲ ਕੁੰਭੜਾ ਵਿਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਦਲਣ ਦੇ ਕੰਮ ਸ਼ੁਰੂ
ਐਸ.ਏ.ਐਸ. ਨਗਰ, 3 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਪਿੰਡ ਕੁੰਭੜਾ ਵਿਖੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਦਲਣ ਲਈ 1.90 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਮੇਅਰ ਨੇ ਕਿਹਾ ਕਿ ਨਗਰ ਨਿਗਮ ਅਪਣੇ ਅਧੀਨ ਆਉਂਦੇ ਪਿੰਡਾਂ ਵਿਚ ਅਤਿਆਧੁਨਿਕ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਵਲ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕੁੰਭੜਾ ਵਿਚ 1 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਈਪਾਂ ਨੂੰ ਬਦਲਣ ਦੇ ਕੰਮ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਅਤੇ ਅਗਲੇ ਕੁੱਝ ਦਿਨਾਂ ਵਿਚ ਹੀ ਪਿੰਡ ਵਿਚ ਨਵੀਆਂ ਸੜਕਾਂ ਬਣਾਉਣ ਦੀ ਕੰਮ ਵੀ ਸ਼ੁਰੂ ਕਰ ਦਿਤਾ ਜਾਵੇਗਾ। ਇਸ ਸਬੰਧੀ ਮਿਊਂਸਪਲ ਕੌਂਸਲਰ ਰਵਿੰਦਰ ਸਿੰਘ ਬੈਦਵਾਨ ਦੁਆਰਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਸਮਾਗਮ ਉਪਰੰਤ ਇਸ ਕੰਮ ਦੀ ਸ਼ੁਰੂਆਤ ਕਰਨ 'ਤੇ ਉਨ੍ਹਾਂ ਕਿਹਾ ਕਿ ਜਿਥੇ ਅੱਜ ਦੇ ਸਿਆਸੀ ਲੀਡਰ ਅਪਣੀਆਂ ਫ਼ੋਟੋਆਂ ਤੇ ਬੈਨਰ ਲਗਾ ਕੇ ਖ਼ੁਦ ਦਾ ਪ੍ਰਚਾਰ ਕਰਦੇ ਹਨ, ਉਥੇ ਰਵਿੰਦਰ ਸਿੰਘ ਨੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਇਸ ਕੰਮ ਦੀ ਸ਼ੁਰੂਆਤ ਕਰ ਕੇ ਵਧੀਆ ਮਿਸਾਲ ਪੇਸ਼ ਕੀਤੀ ਹੈ।
ਇਸ ਮੌਕੇ ਕੌਂਸਲਰ ਰਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਵਿਚ ਦੋ ਦਹਾਕੇ ਪਹਿਲਾਂ ਪਾਣੀ ਦੀ ਸਪਲਾਈ ਲਈ ਜਿਹੜੀਆਂ ਪਾਈਪਾਂ ਪਾਈਆਂ ਗਈਆਂ ਸਨ, ਉਹ ਕੰਡਮ ਹੋ ਚੁਕੀਆਂ ਹਨ ਅਤੇ ਹੁਣ ਨਵੀਆਂ ਪਾਈਪਾਂ ਪਾਉਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਤੋਂ ਪਹਿਲਾਂ ਕੌਂਸਲਰ ਰਮਨਪ੍ਰੀਤ ਕੌਰ ਦੇ ਵਾਰਡ ਵਿਚ ਵੀ ਪਾਈਪਾਂ ਬਦਲਣ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਪਿੰਡ ਵਾਸੀਆਂ ਦੀ ਕਾਫ਼ੀ ਸਮੇਂ ਤੋਂ ਲਮਕ ਰਹੀ ਮੰਗ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਨਿਗਮ ਵਲੋਂ ਪਿੰਡ ਦੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਤੁਰਤ ਕਰਵਾਏ ਜਾਣਗੇ।ਇਸ ਮੌਕੇ ਆਰ.ਪੀ. ਸ਼ਰਮਾ, ਹਰਪਾਲ ਸਿੰਘ ਚੰਨਾ, ਗੁਰਮੀਤ ਕੌਰ (ਸਾਰੇ ਕੌਂਸਲਰ) ਕੌਂਸਲਰ ਰਮਨਪ੍ਰੀਤ ਕੌਰ ਦੇ ਪਤੀ ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ, ਹਰਵਿੰਦਰ ਸਿੰਘ, ਪਿੰਡ ਦੇ ਪਤਵੰਤੇ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।