
ਸ੍ਰੀ ਖਡੂਰ ਸਾਹਿਬ, 3 ਫ਼ਰਵਰੀ (ਕੁਲਦੀਪ ਸਿੰਘ ਮਾਨ ਰਾਮਪੁਰ) : ਬਿਆਸ ਤੋਂ ਗੋਇੰਦਵਾਲ ਸਾਹਿਬ ਨੂੰ ਜਾਂਦੀ ਰੇਲਵੇ ਲਾਈਨ ਉਪਰ ਪੈਂਦੇ ਪਿੰਡ ਰਾਮਪੁਰ ਭੂਤਵਿੰਡ ਦੇ ਨਜ਼ਦੀਕ ਰੇਲਵੇ ਫ਼ਾਟਕ ਉਪਰ ਰਾਤ ਦੀ ਡਿਊਟੀ 'ਤੇ ਤਾਇਨਾਤ ਰੇਲਵੇ ਕਰਮਚਾਰੀ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।ਮਿਲੀ ਜਾਣਕਾਰੀ ਅਨੁਸਾਰ ਰਈਆ, ਖਡੂਰ ਸਾਹਿਬ ਰੋਡ ਅਤੇ ਨੇੜੇ ਰਾਮਪੁਰ ਭੂਤਵਿੰਡ ਵਿਖੇ ਰੇਲਵੇ ਫ਼ਾਟਕ ਨੰਬਰ ਸੀ-21 'ਤੇ ਰਾਤ ਸਮੇਂ ਡਿਊਟੀ ਦੇ ਰਹੇ ਰਾਜੀਵ ਕੁਮਾਰ ਸਿੰਘ ਸਿੰਘ ਵਾਸੀ ਪਿੰਡ ਸੋਨਪੁਰ ਜ਼ਿਲ੍ਹਾ ਛਪਰਾ (ਬਿਹਾਰ) ਜੋ ਇਸ ਵੇਲੇ ਰੇਲਵੇ ਵਿਭਾਗ ਬਿਆਸ ਵਿਖੇ ਨੌਕਰੀ ਕਰਦਾ ਸੀ, ਪਰਵਾਰ ਸਮੇਤ ਬਿਆਸ ਵਿਖੇ ਹੀ ਰਹਿ ਰਿਹਾ ਸੀ, ਨੂੰ ਰਾਤ ਸਮੇਂ ਕੁੱਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਕਿਸੇ ਕਾਰਨ ਗੋਲੀ ਮਾਰ ਕੇ ਹਤਿਆ ਕਰ ਦਿਤੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਰੇਲਵੇ ਵਿਭਾਗ ਬਿਆਸ ਦੇ ਅਧਿਕਾਰੀ ਉਕਤ ਵਿਅਕਤੀ ਨੂੰ ਗੱਡੀ ਚੱਲਣ ਦੀ ਸੂਚਨਾ ਦੇਣ ਸੰਬੰਧੀ ਫ਼ੋਨ ਲਗਾ ਰਹੇ ਸਨ ਅਤੇ ਇਸ ਵਲੋਂ ਫ਼ੋਨ ਨਾ ਚੁੱਕਣ ਤੇ ਰੇਲਵੇ ਅਧਿਕਾਰੀਆਂ ਨੇ ਅਪਣੇ ਦੂਸਰੇ ਕਰਮਚਾਰੀ ਰੇਸ਼ਮ ਸਿੰਘ ਨੂੰ ਮੌਕੇ 'ਤੇ ਭੇਜਿਆ। ਤਾਂ ਰਾਜੀਵ ਕੁਮਾਰ ਮ੍ਰਿਤਕ ਹਾਲਤ ਵਿਚ ਫ਼ਾਟਕ ਉੱਪਰ ਬਣੇ ਡਿਊਟੀ ਰੂਮ ਦੇ ਕਮਰੇ ਵਿਚ ਜ਼ਮੀਨ ਤੇ ਡਿੱਗਾ ਹੋਇਆ ਸੀ। ਉਸ ਨੇ ਤੁਰਤ ਰੇਲਵੇ ਵਿਭਾਗ ਅਤੇ ਸਥਾਨਿਕ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਵੈਰੋਵਾਲ ਦੀ ਐਸ.ਐੱਚ.ਓ ਸੋਨਮਦੀਪ ਕੌਰ ਸਮੇਤ ਪੁਲਿਸ ਪਾਰਟੀ ਅਤੇ ਰੇਲਵੇ ਦੇ ਅਧਿਕਾਰੀ ਮੌਕੇ ਤੇ ਪੁੱਜੇ 'ਤੇ ਜਾਂਚ ਸ਼ੁਰੂ ਕਰ ਦਿਤੀ। ਮੌਤ ਦੀ ਖਬਰ ਦਾ ਪਤਾ ਲਗਣ 'ਤੇ ਵੱਡੀ ਗਿਣਤੀ ਵਿਚ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਦੇ ਮੁਲਾਜ਼ਮ ਮੌਕੇ 'ਤੇ ਪਹੁੰਚ ਕੇ ਚਾਰ ਘੰਟੇ ਬਾਅਦ ਪੁੱਜੇ ਜੀ.ਆਰ.ਪੀ ਦੇ ਮੁਲਾਜ਼ਮਾਂ ਵਿਰੁਧ ਰੋਸ ਪ੍ਰਗਟਾਵਾ ਕਰਦਿਆਂ ਉਕਤ ਰੇਲਵੇ ਫ਼ਾਟਕ ਬੰਦ ਕਰ ਦਿਤਾ ।
ਉਨ੍ਹਾਂ ਨੇ ਗੋਇਦਵਾਲ ਸਾਹਿਬ ਤੋਂ ਬਿਆਸ ਨੂੰ ਜਾ ਰਹੀ ਰੇਲਗੱਡੀ ਰੋਕ ਕੇ ਸਬੰਧਿਤ ਮਹਿਕਮੇ ਵਿਰੁਧ ਵੀ ਨਾਅਰੇਬਾਜ਼ੀ ਕਰਦਿਆਂ ਮ੍ਰਿਤਕ ਦੇ ਪਰਵਾਰ ਨੂੰ 50 ਲੱਖ ਰੁਪਏ ਅਤੇ ਪਰਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ੀ ਮੰਗ ਕੀਤੀ।
ਇਸ ਮੌਕੇ ਡੀ.ਐਮ ਫ਼ਿਰੋਜ਼ਪੁਰ ਵਲੋਂ ਕਰਮਚਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਜੋ ਵੀ ਮਹਿਕਮੇ ਵਲੋਂ ਬਣਦੀ ਸਹਾਇਤਾ ਹੋਵੇਗੀ ਉਹ ਮ੍ਰਿਤਕ ਦੇ ਪਰਿਵਾਰ ਨੂੰ ਦਿਤੀ ਜਾਵੇਗੀ। ਇਸ ਮਗਰੋਂ ਧਰਨਾ ਚੁੱਕ ਲਿਆ ਗਿਆ। ਖ਼ਬਰ ਲਿਖਣ ਤਕ ਪੁਲਿਸ ਵਲੋਂ ਕਾਰਵਾਈ ਜਾਰੀ ਸੀ। ਇਸ ਮੌਕੇ ਧੀਰਜ ਕੁਮਾਰ ਸਟੇਸ਼ਨ ਮਾਸਟਰ ਬਿਆਸ, ਨੀਰਜ ਕੁਮਾਰ ਸਟੇਸ਼ਨ ਮਾਸਟਰ ਖਡੂਰ ਸਾਹਿਬ, ਰਾਜੇਸ ਕੁਮਾਰ, ਸਿੰਗਾਰਾ ਸਿੰਘ, ਰਜਿੰਦਰ ਯਾਦਵ, ਵਿਜੇ ਕੁਮਾਰ, ਅਰੁਣ ਕੁਮਾਰ, ਸਨੀਲ ਕੁਮਾਰ, ਵਿਕਾਸ ਕੁਮਾਰ, ਕਮਲ ਕਾਂਤ, ਜੁਗਨੂੰ ਮਹਿਤਾ, ਕਮਲੇਸ਼ ਕੁਮਾਰ ਆਦਿ ਕਰਮਚਾਰੀ ਹਾਜ਼ਰ ਸਨ।