ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਝਗੜੇ ਨੂੰ ਸੁਲਝਾਉਣ ਗਿਆ ਸੀ ਨੌਜਵਾਨ
ਪੰਜਾਬ ਦੇ ਨੌਜਵਾਨ ਦਾ ਜਰਮਨ ਵਿਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 30 ਸਾਲਾ ਰਾਜਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਭੁਲੱਥ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਰਾਮਗੜ੍ਹ ਦਾ ਵਸਨੀਕ ਸੀ। ਜਾਣਕਾਰੀ ਦਿੰਦਿਆਂ ਰਾਜਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਰਾਮਗੜ੍ਹ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ 10 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿਚ ਜਰਮਨ ਗਿਆ ਸੀ, ਜੋਕਿ ਹੁਣ ਜਰਮਨ ਦਾ ਸਿਟੀਜ਼ਨ ਬਣ ਚੁੱਕਿਆ ਸੀ।
ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਫ਼ੋਨ 'ਤੇ ਜਾਣਕਾਰੀ ਮਿਲੀ ਕਿ ਜਰਮਨ ਵਿਚ ਹਰਿਆਣੇ ਦੇ ਕੁੱਝ ਨੌਜਵਾਨਾਂ ਵਲੋਂ ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਉਨ੍ਹਾਂ ਦਾ ਲੜਕਾ ਰਾਜਵਿੰਦਰ ਸਿੰਘ ਝਗੜਾ ਸੁਲਝਾਉਣ ਲਈ ਗਿਆ ਸੀ ਤੇ ਬਾਅਦ ਵਿਚ ਹਰਿਆਣੇ ਦੇ ਲੜਕਿਆਂ ਵੱਲੋਂ ਚਾਰ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਦੇ ਬੇਟੇ ਰਾਜਵਿੰਦਰ ਸਿੰਘ ਦੇ ਸਿਰ 'ਤੇ ਗੰਭੀਰ ਸੱਟ ਲੱਗੀ।
ਜਿਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਰਨੈਲ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਰਾਜਵਿੰਦਰ ਸਿੰਘ ਦਾ ਅੰਤਿਮ ਸਸਕਾਰ ਕਰਨ ਲਈ ਜਰਮਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਫਿਰ ਉਸ ਦੇ ਮ੍ਰਿਤਕ ਸਰੀਰ ਨੂੰ ਆਪਣੇ ਜੱਦੀ ਪਿੰਡ ਰਾਮਗੜ੍ਹ ਪੰਜਾਬ ਲਿਆਉਣ ਮਦਦ ਕੀਤੀ ਜਾਵੇ।
