ਕੈਨੇਡਾ ਦੀ ਪੀ.ਆਰ. ਲਈ ਜੂਝ ਰਹੇ ਪੰਜਾਬੀ ਨੌਜਵਾਨਾਂ ਦਾ ਇਕ ਹੋਰ ਧਰਨਾ ਨੋਵਾ ਸਕੋਸ਼ੀਆ ਦੇ ਹੈਲੀਫ਼ੈਕਸ ਵਿਖੇ ਆਰੰਭ ਹੋ ਗਿਆ ਹੈ।
ਔਟਵਾ: ਕੈਨੇਡਾ ਵਿਚ ਪੱਕੇ ਹੋਣ (ਪੀ.ਆਰ) ਦੇ ਨਿਯਮਾਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਵਿਰੁਧ ਭਾਰਤੀ ਵਿਦਿਆਰਥੀਆਂ, ਖ਼ਾਸ ਕਰ ਕੇ ਪੰਜਾਬੀ ਨੌਜਵਾਨਾਂ ਦਾ ਰੋਸ ਵਧਦਾ ਜਾ ਰਿਹਾ ਹੈ। ਕੈਨੇਡਾ ਦੀ ਪੀ.ਆਰ. ਲਈ ਜੂਝ ਰਹੇ ਪੰਜਾਬੀ ਨੌਜਵਾਨਾਂ ਦਾ ਇਕ ਹੋਰ ਧਰਨਾ ਨੋਵਾ ਸਕੋਸ਼ੀਆ ਦੇ ਹੈਲੀਫ਼ੈਕਸ ਵਿਖੇ ਆਰੰਭ ਹੋ ਗਿਆ ਹੈ।
ਬਰੈਂਪਟਨ ਅਤੇ ਵਿੰਨੀਪੈਗ ਵਿਖੇ ਰੋਸ ਵਿਖਾਵਿਆਂ ਤੋਂ ਬਾਅਦ ਹੈਲੀਫ਼ੈਕਸ ਦੇ ਗੁਰਦੁਆਰਾ ਸਾਹਿਬ ਵਿਚ ਧਰਨੇ ’ਤੇ ਬੈਠੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਅਤੇ ਐਨ ਮੌਕੇ ’ਤੇ ਪੀ.ਆਰ. ਫ਼ਾਈਲਾਂ ਰੱਦ ਕਰ ਦਿਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਸੀ ਵਾਲੀਆਂ ਫ਼ਾਈਲਾਂ ਦਾਖ਼ਲ ਕਰਨ ਵੇਲੇ ਫ਼ੂਡ ਐਂਡ ਸਰਵਿਸ ਸੈਕਟਰ ਨੂੰ ਤਰਜੀਹੀ ਸੂਚੀ ਵਿਚੋਂ ਬਾਹਰ ਨਹੀਂ ਸੀ ਕੀਤਾ ਗਿਆ ਪਰ ਅੱਧ ਵਿਚਾਲੇ ਨਿਯਮ ਬਦਲ ਗਏ ਅਤੇ ਹੁਣ ਉਨ੍ਹਾਂ ਲਈ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਹਨ।
ਨਵੇਂ ਨਿਯਮਾਂ ਤਹਿਤ ਸਬਵੇਅ, ਟਿਮ ਹੌਰਟਨਜ਼, ਗੈਸ ਸਟੇਸ਼ਨ ਅਤੇ ਗ੍ਰੌਸਰੀ ਸਟੋਰਜ਼ ਵਿਚ ਫ਼ੂਡ ਸੁਪਰਵਾਈਜ਼ਰ ਜਾਂ ਰਿਟੇਲ ਮੈਨੇਜਰ ਵਜੋਂ ਕੰਮ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਲਈ ਪੀ.ਆਰ. ਦੇ ਰਾਹ ਬੰਦ ਕਰ ਦਿਤੇ ਗਏ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਰਵਿਸ ਸੈਕਟਰ (ਜਿਵੇਂ ਕਿ ਰੈਸਟੋਰੈਂਟ, ਡਿਲੀਵਰੀ ਅਤੇ ਹੋਰ ਆਮ ਨੌਕਰੀਆਂ) ਵਿਚ ਕੰਮ ਕਰਨ ਵਾਲੇ ਵਿਦਿਆਰਥੀਆਂ ਲਈ ਪੱਕੇ ਹੋਣ ਦੇ ਮੌਕੇ ਲਗਭਗ ਖ਼ਤਮ ਕਰ ਦਿਤੇ ਹਨ।
ਇਕੱਲੇ ਨੋਵਾ ਸਕੋਸ਼ੀਆ ਵਿਚ ਸੈਂਕੜੇ ਪੰਜਾਬੀ ਨੌਜਵਾਨ ਮੌਜੂਦ ਹਨ ਜੋ ਇਨ੍ਹਾਂ ਖੇਤਰਾਂ ਵਿਚ ਕੰਮ ਕਰਦਿਆਂ ਪੀ.ਆਰ. ਹਾਸਲ ਕਰਨ ਦੇ ਯਤਨ ਕਰ ਰਹੇ ਸਨ। ਧਰਨੇ ’ਤੇ ਬੈਠੇ ਨੌਜਵਾਨਾਂ ਨੇ ਕਿਹਾ ਕਿ ਬਗ਼ੈਰ ਕਿਸੇ ਅਗਾਊਂ ਸੂਚਨਾ ਤੋਂ ਉਨ੍ਹਾਂ ਦੇ ਪੇਸ਼ੇਵਰ ਖੇਤਰ ਨੂੰ ਪੀ.ਆਰ. ਲਈ ਤਰਜੀਹੀ ਸੂਚੀ ਵਿਚੋਂ ਬਾਹਰ ਕੱਢ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਨੋਵਾ ਸਕੋਸ਼ੀਆ ਸਰਕਾਰ ਵਲੋਂ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਤਹਿਤ ਸਿਰਫ਼ ਹੈਲਥਕੇਅਰ ਅਤੇ ਕੰਸਟਰਕਸ਼ਨ ਸੈਕਟਰ ਵਰਗੇ ਖੇਤਰਾਂ ਨੂੰ ਤਰਜੀਹ ਦਿਤੀ ਜਾ ਰਹੀ ਹੈ। (ਏਜੰਸੀ)
