ਪੁਲਿਸ ਵੱਲੋਂ ਹਮਲਾਵਰ ਕੀਤੀ ਜਾ ਰਹੀ ਭਾਲ
ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੁਕਾਨਾਂ ਅਤੇ ਰੈਸਟੋਰੈਂਟਾਂ ਨਾਲ ਭਰੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਸ਼ਨੀਵਾਰ ਰਾਤ ਅੰਨ੍ਹੇਵਾਹ ਫਾਇਰਿੰਗ ਹੋਈ । ਇਸ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਇਲਾਕੇ ਵਿੱਚ ਹੋਈ ਜਿੱਥੇ ਸਾਲਸਾ ਡਾਂਸ ਫੈਸਟੀਵਲ ਕਰਵਾਇਆ ਜਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਦੇਰੀ ਨਾ ਕਰਦੇ ਹੋਏ ਘਟਨਾ ਵਾਲੀ ਥਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਹਮਲਾਵਰ ਦੀ ਭਾਲ ਦੇ ਨਾਲ-ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੋਰਾਂਟੋ ਪੁਲਿਸ ਨੇ ਇੱਕ ਪੋਸਟ ਵਿੱਚ ਕਿਹਾ ਕਿ ਕਿਰਪਾ ਕਰਕੇ ਤੁਰੰਤ ਉਸ ਇਲਾਕੇ ਵਿੱਚੋਂ ਬਾਹਰ ਨਿਕਲੋ ਅਤੇ ਪੁਲਿਸ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰੋ।ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਪਿਛਲੇ ਕੁਝ ਸਮੇਂ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਵਿੱਚ ਮਾਂਟਰੀਅਲ ਵਿੱਚ ਹੋਈ ਹਾਲੀਆ ਗੋਲੀਬਾਰੀ ਵੀ ਸ਼ਾਮਲ ਹੈ, ਜਿੱਥੇ ਇੱਕ ਪੁਲਿਸ ਅਧਿਕਾਰੀ ਸਮੇਤ ਦੋ ਲੋਕ ਇੱਕ ਹਮਲਾਵਰ ਵੱਲੋਂ ਮਾਰੇ ਗਏ ਸਨ, ਜਿਸ ਨੂੰ ਬਾਅਦ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ (ਪੁਲਿਸ) ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ।
