14.40 ਮੀਟਰ ਗੋਲਾ ਸੁੱਟ ਕੇ ਜਿੱਤਿਆ ਮੁਕਾਬਲਾ
ਗਲਾਸਗੋ : ਭਾਰਤੀ ਪੈਰਾ ਗੋਲਾ ਸੁੱਟ ਐਥਲੀਟ ਸੋਮਨ ਰਾਣਾ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਿਆ, ਜਦਕਿ ਤਿੰਨ-ਛਾਲ ਮੁਕਾਬਲੇ ’ਚ ਪ੍ਰਵੀਣ ਚਿਤਰਾਵੇਲ ਅਤੇ ਸੈਲਵਾ ਪ੍ਰਭੂ ਤਿਰੂਮਰਨ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਪੁਰਸ਼ਾਂ ਦੀ F57 ਗੋਲਾ ਸੁੱਟ ਮੁਕਾਬਲੇ ਵਿੱਚ ਮੁਕਾਬਲਾ ਕਰਦੇ ਹੋਏ 2022 ਏਸ਼ੀਆਈ ਪੈਰਾ ਖੇਡਾਂ ਦੇ ਚਾਂਦੀ ਤਗਮਾ ਜੇਤੂ ਰਾਣਾ ਨੇ ਸੀਜ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 13.40 ਮੀਟਰ ਦੀ ਦੂਰੀ ਤੱਕ ਗੋਲਾ ਸੁੱਟਿਆ ਅਤੇ ਪਹਿਲਾ ਸਥਾਨ ਹਾਸਲ ਕੀਤਾ।
ਭਾਰਤ ਦੇ ਹੀ ਸ਼ੁਭਮ ਜੁਯਾਲ ਨੇ ਸੀਜ਼ਨ ਦੇ ਆਪਣੇ ਸਰਵੋਤਮ 13.28 ਮੀਟਰ ਦੇ ਪ੍ਰਦਰਸ਼ਨ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦੋਂ ਕਿ ਕੈਮਰੂਨ ਦੇ ਸੈਡਰਿਕ ਅਜਾਮਦਜੀ ਨੇ 12.57 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਪੁਰਸ਼ਾਂ ਦੀ ਤਿੰਨ-ਛਾਲ ਮੁਕਾਬਲੇ ਵਿੱਚ ਚਿਤਰਾਵੇਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਈ । ਏਸ਼ੀਆਈ ਖੇਡਾਂ ਦੇ ਕਾਂਸੀ ਤਗਮਾ ਜੇਤੂ ਚਿਤਰਾਵੇਲ ਨੇ 16.58 ਮੀਟਰ ਦੀ ਛਾਲ ਲਗਾ ਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਗਲਾਸਗੋ ਵਿੱਚ ਆਪਣੇ ਪਿਛਲੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ।
ਉੱਥੇ ਹੀ ਸੈਲਵਾ ਪ੍ਰਭੂ ਨੇ 16.52 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ। ਇਹ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉਨ੍ਹਾਂ ਦਾ ਪਹਿਲਾ ਵੱਡਾ ਤਗਮਾ ਹੈ। ਜਮੈਕਾ ਦੇ ਜੌਰਡਨ ਸਕੌਟ ਨੇ 16.72 ਮੀਟਰ ਦੀ ਛਾਲ ਲਗਾ ਕੇ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ। ਪੈਰਾ ਐਥਲੇਟਿਕਸ ਦੀ ਪੁਰਸ਼ਾਂ ਦੀ T54 1500 ਮੀਟਰ ਫਾਈਨਲ ਸਪਰਧਾ ਵਿੱਚ ਭਾਰਤ ਦੇ ਰਮੇਸ਼ ਸ਼ਨਮੁਗਮ ਤਿੰਨ ਮਿੰਟ 23.59 ਸੈਕਿੰਡ ਦਾ ਸਮਾਂ ਲੈ ਕੇ ਸੱਤਵੇਂ ਸਥਾਨ 'ਤੇ ਰਹੇ। ਔਰਤਾਂ ਦੀ 10,000 ਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਵੀ ਭਾਰਤ ਦੇ ਹੱਥ ਨਿਰਾਸ਼ਾ ਲੱਗੀ। ਪ੍ਰਿਯੰਕਾ ਗੋਸਵਾਮੀ ਨੇ ਸੀਜ਼ਨ ਦਾ ਆਪਣਾ ਸਰਵੋਤਮ ਸਮਾਂ 45 ਮਿੰਟ 53.93 ਸੈਕਿੰਡ ਦਰਜ ਕੀਤਾ, ਪਰ ਉਹ ਚੌਥੇ ਸਥਾਨ 'ਤੇ ਰਹੀ। ਉੱਥੇ ਹੀ ਇਸ ਸਪਰਧਾ ਵਿੱਚ ਹਿੱਸਾ ਲੈ ਰਹੀ ਦੂਜੀ ਭਾਰਤੀ ਖਿਡਾਰੀ ਰਵੀਨਾ ਨੂੰ ਅਯੋਗ ਕਰਾਰ ਦਿੱਤਾ ਗਿਆ।
