ਪੁਰਸ਼ ਟੀਮ ਨੇ ਸ਼੍ਰੀਲੰਕਾ ਨੂੰ 54-20 ਨਾਲ ਹਰਾਇਆ, ਮਹਿਲਾ ਟੀਮ ਨੇ ਯੂਗਾਂਡਾ ਨੂੰ 35-15 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ
ਅਹਿਮਦਾਬਾਦ: ਭਾਰਤ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਵਿੱਚ ਪਹਿਲੀ ਰਾਸ਼ਟਰਮੰਡਲ ਕਬੱਡੀ ਚੈਂਪੀਅਨਸ਼ਿਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਬਲ ਖਿਤਾਬ ਆਪਣੇ ਨਾਮ ਕਰ ਲਿਆ ਹੈ। ਭਾਰਤੀ ਪੁਰਸ਼ ਟੀਮ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ 54-20 ਨਾਲ ਹਰਾ ਕੇ ਪਹਿਲੀ ਰਾਸ਼ਟਰਮੰਡਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦਕਿ ਮਹਿਲਾ ਟੀਮ ਨੇ ਯੁਗਾਂਡਾ ਨੂੰ 35-15 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ।
ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਇੱਕ ਵੀ ਮੈਚ ਨਹੀਂ ਗਵਾਇਆ। ਪੁਰਸ਼ ਟੀਮ ਨੇ ਲਗਾਤਾਰ 8 ਮੁਕਾਬਲੇ ਜਿੱਤੇ, ਜਦਕਿ ਮਹਿਲਾ ਟੀਮ ਨੇ ਆਪਣੇ ਸਾਰੇ 6 ਮੈਚਾਂ ਵਿੱਚ ਜਿੱਤ ਦਰਜ ਕੀਤੀ।
ਪੁਰਸ਼ ਟੀਮ ਨੇ ਸ਼੍ਰੀਲੰਕਾ ਨੂੰ 54-20 ਨਾਲ ਹਰਾਇਆ
ਪੁਰਸ਼ਾਂ ਦੇ ਫਾਈਨਲ ਮੁਕਾਬਲੇ ਵਿੱਚ ਏਸ਼ੀਅਨ ਚੈਂਪੀਅਨ ਭਾਰਤ ਨੇ ਸ਼ੁਰੂਆਤ ਤੋਂ ਹੀ ਸ਼੍ਰੀਲੰਕਾ 'ਤੇ ਆਪਣਾ ਦਬਾਅ ਬਣਾ ਕੇ ਰੱਖਿਆ। ਭਾਰਤ ਦੇ ਸਟਾਰ ਰੇਡਰ ਆਦਿਤਿਆ ਸ਼ਿੰਦੇ ਨੇ 14 ਰੇਡਾਂ ਵਿੱਚ 10 ਅੰਕ ਹਾਸਲ ਕਰਕੇ ਆਪਣਾ 'ਸੁਪਰ 10' ਪੂਰਾ ਕੀਤਾ, ਜਿਸ ਵਿੱਚ 4 ਬੋਨਸ ਅੰਕ ਵੀ ਸ਼ਾਮਲ ਸਨ।
ਮਹਿਲਾ ਟੀਮ ਨੇ ਯੁਗਾਂਡਾ ਨੂੰ 35-15 ਨਾਲ ਹਰਾ ਕੇ ਜਿੱਤਿਆ ਸੋਨੇ ਦਾ ਤਗਮਾ
ਮਹਿਲਾਵਾਂ ਦੇ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਭਾਰਤ ਨੇ ਕਪਤਾਨ ਨਿਧੀ ਸ਼ਰਮਾ ਦੀ ਅਗਵਾਈ ਹੇਠ ਯੁਗਾਂਡਾ ਨੂੰ 35-15 ਨਾਲ ਹਰਾਇਆ। ਭਾਰਤ ਵੱਲੋਂ ਖੇਡਦਿਆਂ ਸਾਖੀ ਨੇ 10 ਰੇਡਾਂ ਵਿੱਚ 9 ਅੰਕ ਪ੍ਰਾਪਤ ਕੀਤੇ (ਜਿਸ ਵਿੱਚ 2 ਬੋਨਸ ਅੰਕ ਸ਼ਾਮਲ ਸਨ)। ਉਸ ਨੇ ਪਹਿਲੇ ਹਾਫ ਦੀਆਂ ਸਾਰੀਆਂ 6 ਰੇਡਾਂ ਵਿੱਚ ਅੰਕ ਜੁਟਾਏ।
ਕਪਤਾਨ ਨਿਧੀ ਸ਼ਰਮਾ ਨੇ 3 ਬੋਨਸ ਪੁਆਇੰਟਾਂ ਸਮੇਤ ਕੁੱਲ 5 ਅੰਕ ਬਣਾਏ ਅਤੇ ਅਨੁ ਨੇ 6 ਰੇਡ ਪੁਆਇੰਟ ਜੋੜੇ। ਇਸ ਤੋਂ ਇਲਾਵਾ ਡਿਫੈਂਸ ਵਿੱਚ ਰਿਤੂ ਅਤੇ ਸੁਮਨ ਨੇ 4-4 ਟੈਕਲ ਪੁਆਇੰਟ ਹਾਸਲ ਕੀਤੇ। ਯੁਗਾਂਡਾ ਵੱਲੋਂ ਨਕਯਾਂਗੋ ਸ਼ਿਰਾਟ ਨੇ ਸਭ ਤੋਂ ਵੱਧ 11 ਅੰਕ ਬਣਾਏ, ਪਰ ਬਾਕੀ ਖਿਡਾਰਨਾਂ ਦਾ ਪੂਰਾ ਸਾਥ ਨਾ ਮਿਲਣ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
