ਵਰਲਡ ਕੱਪ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਅੰਮ੍ਰਿਤਸਰ : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਉਨ੍ਹਾਂ ਨੇ ਗੁਰੂਘਰ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਅਤੇ ਭਾਰਤੀ ਹਾਕੀ ਟੀਮ ਦੀ ਸਫਲਤਾ ਲਈ ਅਰਦਾਸ ਕੀਤੀ । ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਹਰਮਨਪ੍ਰੀਤ ਸਿੰਘ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੋ-ਲੀਗ ਦੌਰਾਨ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਪੂਰਾ ਧਿਆਨ ਆਉਣ ਵਾਲੇ ਵਰਲਡ ਕੱਪ 'ਤੇ ਹੈ । ਉਨ੍ਹਾਂ ਕਿਹਾ ਕਿ ਉਹ ਗੁਰੂ ਮਹਾਰਾਜ ਦੇ ਦਰ 'ਤੇ ਇਸ ਅਰਦਾਸ ਨਾਲ ਪਹੁੰਚੇ ਹਨ ਕਿ ਪੂਰੀ ਟੀਮ 'ਤੇ ਮਿਹਰ ਭਰਿਆ ਹੱਥ ਬਣਿਆ ਰਹੇ ਅਤੇ ਭਾਰਤ ਇਸ ਵਾਰ ਵਰਲਡ ਕੱਪ ਜਿੱਤ ਕੇ ਦੇਸ਼ ਦਾ ਮਾਣ ਵਧਾਏ।
ਪਾਕਿਸਤਾਨ ਨਾਲ ਹੋਏ ਮੈਚ ਬਾਰੇ ਪੁੱਛੇ ਜਾਣ 'ਤੇ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੈਚ ਬਹੁਤ ਵਧੀਆ ਰਿਹਾ ਸੀ ਅਤੇ ਵਰਲਡ ਕੱਪ ਵਿੱਚ ਵੀ ਭਾਰਤ ਦਾ ਪੂਲ ਪਾਕਿਸਤਾਨ, ਇੰਗਲੈਂਡ ਅਤੇ ਵੇਲਜ਼ ਨਾਲ ਹੈ । ਉਨ੍ਹਾਂ ਭਰੋਸਾ ਜਤਾਇਆ ਕਿ ਪ੍ਰੋ-ਲੀਗ ਅਤੇ ਯੂਰਪ ਦੌਰੇ ਦੌਰਾਨ ਜਿਵੇਂ ਟੀਮ ਨੇ ਪ੍ਰਦਰਸ਼ਨ ਕੀਤਾ, ਉਸ ਨੂੰ ਵਰਲਡ ਕੱਪ ਵਿੱਚ ਹੋਰ ਬਿਹਤਰ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਵੀ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਜ਼ਰੂਰ ਨਤਮਸਤਕ ਹੁੰਦੇ ਹਨ, ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਦਰਸ਼ਨ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋਈ ਹੈ। ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਟੀਮ ਦਾ ਸ਼ਡਿਊਲ ਕਾਫੀ ਵਿਅਸਤ ਹੈ। ਵਰਲਡ ਕੱਪ ਤੋਂ ਬਾਅਦ ਏਸ਼ੀਅਨ ਗੇਮਜ਼ ਅਤੇ ਫਿਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਰਗੇ ਵੱਡੇ ਟੂਰਨਾਮੈਂਟ ਖੇਡੇ ਜਾਣਗੇ । ਉਨ੍ਹਾਂ ਕਿਹਾ ਕਿ ਟੀਮ ਬੈਂਗਲੁਰੂ ਵਿੱਚ ਟ੍ਰੇਨਿੰਗ ਕੈਂਪ ਸ਼ੁਰੂ ਕਰਨ ਜਾ ਰਹੀ ਹੈ ਅਤੇ ਬਚੇ ਹੋਏ ਸਮੇਂ ਦਾ ਪੂਰਾ ਲਾਭ ਉਠਾ ਕੇ ਵਰਲਡ ਕੱਪ ਲਈ ਤਿਆਰੀ ਕੀਤੀ ਜਾਵੇਗੀ । ਨੌਜਵਾਨ ਖਿਡਾਰੀਆਂ ਨੂੰ ਸੰਦੇਸ਼ ਦਿੰਦਿਆਂ ਭਾਰਤੀ ਕਪਤਾਨ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਵਿੱਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ । ਉਨ੍ਹਾਂ ਅਪੀਲ ਕੀਤੀ ਕਿ ਖਿਡਾਰੀ ਮਿਹਨਤ ਕਰਨ, ਗੁਰੂ ਮਹਾਰਾਜ ਦਾ ਨਾਮ ਜਪਣ, ਮਾਪਿਆਂ, ਵੱਡਿਆਂ ਅਤੇ ਕੋਚਾਂ ਦਾ ਸਤਿਕਾਰ ਕਰਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਅਜਿਹੇ ਨੌਜਵਾਨ ਭਵਿੱਖ ਵਿੱਚ ਭਾਰਤ ਦੀ ਨੁਮਾਇੰਦਗੀ ਕਰਕੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰਨਗੇ।
