5 ਜੁਲਾਈ ਨੂੰ ਲਾਰਡਜ਼ ਵਿਖੇ ਹੋਵੇਗਾ ਫ਼ਾਈਨਲ
ਨਵੀਂ ਦਿੱਲੀ : 10ਵਾਂ ਮਹਿਲਾ ਟੀ-20 ਵਿਸ਼ਵ ਕੱਪ ਅੱਜ ਇੰਗਲੈਂਡ ਅਤੇ ਵੇਲਜ਼ ਵਿਚ ਸ਼ੁਰੂ ਹੋਵੇਗਾ। ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਜਾਵੇਗਾ। ਫ਼ਾਈਨਲ 5 ਜੁਲਾਈ ਨੂੰ ਲਾਰਡਜ਼ ਵਿਖੇ ਹੋਵੇਗਾ। ਇਸ ਵਾਰ 12 ਟੀਮਾਂ 24 ਦਿਨਾਂ ਵਿਚ 33 ਮੈਚ ਖੇਡਣਗੀਆਂ।
ਇਹ ਹੁਣ ਤਕ ਦਾ ਸੱਭ ਤੋਂ ਵੱਡਾ ਮਹਿਲਾ ਟੀ-20 ਵਿਸ਼ਵ ਕੱਪ ਹੋਵੇਗਾ। ਨਿਊਜ਼ੀਲੈਂਡ ਡਿਫ਼ੈਂਡਿੰਗ ਚੈਂਪੀਅਨ ਹੈ, ਜਿਸ ਨੇ 2024 ਵਿਚ ਪਹਿਲੀ ਵਾਰ ਖ਼ਿਤਾਬ ਜਿਤਿਆ। ਆਸਟਰੇਲੀਆ ਛੇ ਟਰਾਫ਼ੀਆਂ ਨਾਲ ਟੂਰਨਾਮੈਂਟ ਦੀ ਸੱਭ ਤੋਂ ਸਫ਼ਲ ਟੀਮ ਹੈ। ਭਾਰਤ ਨੇ ਕਦੇ ਵੀ ਟਰਾਫ਼ੀ ਨਹੀਂ ਜਿੱਤੀ। ਟੀਮ ਚਾਰ ਵਾਰ ਸੈਮੀਫ਼ਾਈਨਲ ਅਤੇ ਇਕ ਵਾਰ ਫ਼ਾਈਨਲ ਵਿਚ ਪਹੁੰਚੀ ਹੈ। ਇਸ ਵਾਰ, ਭਾਰਤ ਡੈਥ ਗਰੁੱਪ ਵਿਚ ਹੈ, ਜਿਸ ਵਿਚ ਆਸਟਰੇਲੀਆ ਅਤੇ ਦੱਖਣ ਅਫ਼ਰੀਕਾ ਵਰਗੀਆਂ ਟੀਮਾਂ ਸ਼ਾਮਲ ਹਨ। ਭਾਰਤ ਦਾ ਪਹਿਲਾ ਮੈਚ 14 ਜੂਨ ਨੂੰ ਬਰਮਿੰਘਮ ਵਿਚ ਪਾਕਿਸਤਾਨ ਵਿਰੁਧ ਹੋਵੇਗਾ।
ਪਹਿਲਾ ਮਹਿਲਾ ਟੀ-20 ਵਿਸ਼ਵ ਕੱਪ 2009 ਵਿਚ ਇੰਗਲੈਂਡ ਵਿਚ ਹੋਇਆ ਸੀ। ਇਸ ਟੂਰਨਾਮੈਂਟ ਵਿਚ ਅੱਠ ਟੀਮਾਂ ਨੇ ਹਿੱਸਾ ਲਿਆ ਸੀ ਅਤੇ ਮੇਜ਼ਬਾਨ ਇੰਗਲੈਂਡ ਪਹਿਲਾ ਚੈਂਪੀਅਨ ਬਣਿਆ ਸੀ। ਪਹਿਲੇ ਤਿੰਨ ਵਿਸ਼ਵ ਕੱਪ ਵਿਚ ਅੱਠ ਟੀਮਾਂ ਨੇ ਹਿੱਸਾ ਲਿਆ ਸੀ। 2014 ਵਿਚ ਟੀਮਾਂ ਦੀ ਗਿਣਤੀ 10 ਹੋ ਗਈ। 2026 ਵਿਚ, 12 ਟੀਮਾਂ ਪਹਿਲੀ ਵਾਰ ਹਿੱਸਾ ਲੈਣਗੀਆਂ। ਇੰਗਲੈਂਡ 17 ਸਾਲਾਂ ਬਾਅਦ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। (ਏਜੰਸੀ)
