ਦੱਖਣੀ ਅਫਰੀਕਾ ਵਿੱਚ ਹੋਣ ਵਾਲੇ 2027 ਵਨਡੇਅ ਵਿਸ਼ਵ ਕੱਪ ਵਿੱਚ 14 ਟੀਮਾਂ ਲੈਣਗੀਆਂ ਹਿੱਸਾ
ਐਡਿਨਬਰਗ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ 2027 ਵਨਡੇ ਵਿਸ਼ਵ ਕੱਪ ਅਤੇ 2028 ਟੀ-20 ਵਿਸ਼ਵ ਕੱਪ ਦੇ ਫਾਰਮੈਟ ਵਿੱਚ ਬੁੱਧਵਾਰ ਨੂੰ ਕੁਝ ਬਦਲਾਅ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਦੋਵਾਂ ਟੂਰਨਾਮੈਂਟਾਂ ਵਿੱਚ ਮੁਕਾਬਲੇ ਨੂੰ ਹੋਰ ਜ਼ਿਆਦਾ ਰੋਮਾਂਚਕ ਬਣਾਉਣਾ ਹੈ।
ਇਹ ਫੈਸਲੇ ਆਈਸੀਸੀ ਦੀ ਸਲਾਨਾ ਬੈਠਕ ਵਿੱਚ ਲਏ ਗਏ। ਦੱਖਣੀ ਅਫਰੀਕਾ ਵਿੱਚ ਕਰਵਾਏ ਜਾਣ ਵਾਲੇ 2027 ਵਨਡੇ ਵਿਸ਼ਵ ਕੱਪ ਵਿੱਚ ਪਹਿਲੀ ਯੋਜਨਾ ਦੇ ਅਨੁਸਾਰ 14 ਟੀਮਾਂ ਹੀ ਹਿੱਸਾ ਲੈਣਗੀਆਂ, ਜੋ ਪਿਛਲੇ ਪੜਾਅ ਦੀਆਂ 10 ਟੀਮਾਂ ਤੋਂ ਵੱਧ ਹਨ। ਹਾਲਾਂਕਿ ਟੂਰਨਾਮੈਂਟ ਨੂੰ ਹੋਰ ਜ਼ਿਆਦਾ ਮੁਕਾਬਲੇਬਾਜ਼ੀ ਵਾਲਾ ਬਣਾਉਣ ਲਈ ਆਈਸੀਸੀ ਨੇ ਸੁਪਰ ਸੀਰੀਜ਼ ਅਤੇ ਸੁਪਰ-7 ਪੜਾਅ ਨੂੰ ਸ਼ਾਮਲ ਕੀਤਾ ਹੈ।
ਆਈਸੀਸੀ ਨੇ ਆਪਣੇ ਬਿਆਨ ਵਿੱਚ ਕਿਹਾ, ‘‘ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿੱਚ 14 ਯੋਗ ਟੀਮਾਂ ਹਿੱਸਾ ਲੈਣਗੀਆਂ ਪਰ ਸੋਧੇ ਹੋਏ ਫਾਰਮੈਟ ਦੇ ਤਹਿਤ ਫਾਈਨਲ ਤੱਕ ਪਹੁੰਚਣ ਲਈ ਤਿੰਨ ਪੜਾਅ ਦਾ ਮੁਕਾਬਲਾ ਹੋਵੇਗਾ, ਜਿਸ ਨਾਲ ਟੂਰਨਾਮੈਂਟ ਦੇ ਹਰ ਮੈਚ ਦੀ ਅਹਿਮੀਅਤ ਵਧੇਗੀ ਅਤੇ ਸ਼ੁਰੂਆਤ ਤੋਂ ਲੈ ਕੇ ਫਾਈਨਲ ਤੱਕ ਮੁਕਾਬਲਾ ਰੋਮਾਂਚਕ ਬਣਿਆ ਰਹੇਗਾ।’’
ਸੁਪਰ ਸੀਰੀਜ਼ ਵਿੱਚ ਤਿੰਨ ਟੀਮਾਂ ਵਿਚਾਲੇ ਮੁਕਾਬਲੇ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਟੀਮ ਦੂਜੇ ਦੌਰ ਵਿੱਚ ਪਹੁੰਚੇਗੀ ਜਿਸ ਵਿੱਚ ਛੇ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਤਿੰਨ ਟੀਮਾਂ ਅਤੇ ਦੋਵਾਂ ਗਰੁੱਪਾਂ ਵਿੱਚ ਬਾਕੀ ਬਚੀਆਂ ਟੀਮਾਂ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਇੱਕ ਟੀਮ ਸੁਪਰ-7 (ਪਹਿਲਾਂ ਪ੍ਰਸਤਾਵਿਤ ਸੁਪਰ-6 ਦੀ ਜਗ੍ਹਾ) ਵਿੱਚ ਪਹੁੰਚੇਗੀ।
ਸੁਪਰ-7 ਪੜਾਅ ਵਿੱਚੋਂ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ
ਆਈਸੀਸੀ ਨੇ ਕਿਹਾ, ‘‘ਇਨ੍ਹਾਂ ਬਦਲਾਵਾਂ ਨਾਲ ਹਰ ਮੈਚ ਦੀ ਅਹਿਮੀਅਤ ਵਧੇਗੀ ਅਤੇ ਮੁਕਾਬਲੇ ਪਹਿਲਾਂ ਨਾਲੋਂ ਜ਼ਿਆਦਾ ਰੋਮਾਂਚਕ ਹੋਣਗੇ। ਇਸ ਨਾਲ ਪ੍ਰਸ਼ੰਸਕਾਂ ਨੂੰ ਬਿਹਤਰ ਅਨੁਭਵ ਮਿਲੇਗਾ, ਉੱਥੇ ਹੀ ਨਵੀਆਂ ਅਤੇ ਉੱਭਰਦੀਆਂ ਟੀਮਾਂ ਨੂੰ ਵੀ ਕ੍ਰਿਕਟ ਦੇ ਸਭ ਤੋਂ ਵੱਡੇ ਮੰਚ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਰਹੇਗਾ।’’
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ 2028 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਗਰੁੱਪ ਪੜਾਅ ਤੋਂ ਬਾਅਦ ਹੁਣ ਸੁਪਰ-8 ਦੀ ਜਗ੍ਹਾ ਸੁਪਰ-10 ਪੜਾਅ ਹੋਵੇਗਾ।
ਟੂਰਨਾਮੈਂਟ ਵਿੱਚ ਚਾਰ-ਚਾਰ ਟੀਮਾਂ ਦੇ ਪੰਜ ਗਰੁੱਪ ਬਣਾਏ ਜਾਣਗੇ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ-10 ਵਿੱਚ ਪਹੁੰਚਣਗੀਆਂ।
ਪਿਛਲੇ ਪੜਾਅ ਵਿੱਚ ਸੁਪਰ-8 ਦੇ ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸਿੱਧੀਆਂ ਸੈਮੀਫਾਈਨਲ ਵਿੱਚ ਪਹੁੰਚਦੀਆਂ ਸਨ। ਨਵੇਂ ਫਾਰਮੈਟ ਵਿੱਚ ਹੁਣ ਹਰੇਕ ਗਰੁੱਪ ਦੀ ਸਿਰਫ਼ ਚੋਟੀ ਦੀ ਟੀਮ ਹੀ ਸਿੱਧੀ ਅੰਤਿਮ ਚਾਰ (ਸੈਮੀਫਾਈਨਲ) ਵਿੱਚ ਪਹੁੰਚੇਗੀ। ਗਰੁੱਪ ਵਿੱਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਵਿਰੋਧੀ ਗਰੁੱਪ ਦੀ ਤੀਜੇ ਸਥਾਨ ਵਾਲੀ ਟੀਮ ਵਿਰੁੱਧ ਐਲੀਮੀਨੇਟਰ ਮੁਕਾਬਲਾ ਖੇਡੇਗੀ, ਜਿਸ ਨਾਲ ਮੁਕਾਬਲੇ ਵਿੱਚ ਇੱਕ ਨਵਾਂ ਰੋਮਾਂਚ ਜੁੜ ਜਾਵੇਗਾ।
ਆਈਸੀਸੀ ਨੇ ਕਿਹਾ, ‘‘ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਵਿੱਚ ਉੱਭਰਦੀਆਂ ਟੀਮਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਦੂਜੇ ਪੜਾਅ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਅੱਠ ਤੋਂ ਵਧਾ ਕੇ 10 ਕਰਨ ਦਾ ਫੈਸਲਾ ਕੀਤਾ ਗਿਆ ਹੈ।’’
ਆਈਸੀਸੀ ਨੇ ਇਹ ਵੀ ਦੱਸਿਆ ਕਿ ਸਕਾਟਲੈਂਡ ਨੂੰ 2026 ਟੀ-20 ਵਿਸ਼ਵ ਕੱਪ ਵਿੱਚ ਵਿਸ਼ੇਸ਼ ਹਾਲਾਤਾਂ ਕਾਰਨ ਆਖਰੀ ਸਮੇਂ 'ਤੇ ਬੰਗਲਾਦੇਸ਼ ਦੀ ਜਗ੍ਹਾ ਖੇਡਣ ਕਰਕੇ ਸਿੱਧਾ ਯੂਰਪ ਖੇਤਰੀ ਫਾਈਨਲ ਵਿੱਚ ਪ੍ਰਵੇਸ਼ ਦਿੱਤਾ ਜਾਵੇਗਾ।
ਉੱਥੇ ਹੀ 2026 ਟੀ-20 ਵਿਸ਼ਵ ਕੱਪ ਵਿੱਚ ਖੇਡਣ ਵਾਲੀਆਂ ਪਰ ਆਪਣੇ ਆਪ ਕੁਆਲੀਫਾਈ ਨਾ ਕਰ ਸਕਣ ਵਾਲੀਆਂ ਬਾਕੀ ਟੀਮਾਂ ਸਿੱਧੀਆਂ ਗਲੋਬਲ ਕੁਆਲੀਫਾਇਰ ਵਿੱਚ ਪਹੁੰਚਣਗੀਆਂ।
ਗਲੋਬਲ ਕੁਆਲੀਫਾਇਰ ਦੇ ਹੋਰ ਅੱਠ ਸਥਾਨਾਂ ਲਈ ਖੇਤਰੀ ਕੁਆਲੀਫਿਕੇਸ਼ਨ ਹੋਵੇਗੀ। ਇਨ੍ਹਾਂ ਵਿੱਚੋਂ ਅਫਰੀਕਾ, ਏਸ਼ੀਆ ਅਤੇ ਯੂਰਪ ਤੋਂ ਦੋ-ਦੋ ਟੀਮਾਂ ਜਦਕਿ ਅਮਰੀਕਾ ਅਤੇ ਪੂਰਵੀ ਏਸ਼ੀਆ ਪ੍ਰਸ਼ਾਂਤ ਖੇਤਰ ਤੋਂ ਇੱਕ-ਇੱਕ ਟੀਮ ਕੁਆਲੀਫਾਈ ਕਰੇਗੀ।
ਗਲੋਬਲ ਕੁਆਲੀਫਾਇਰ ਵਿੱਚ ਹਰੇਕ ਖੇਤਰ ਦੀ ਚੋਟੀ ਦੀ ਟੀਮ ਅਤੇ ਕੁੱਲ ਮਿਲਾ ਕੇ ਅਗਲੀਆਂ ਤਿੰਨ ਸਰਵੋਤਮ ਟੀਮਾਂ 2028 ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।
ਆਈਸੀਸੀ ਨੇ ਕਿਹਾ, ‘‘ਇਸ ਨਵੇਂ ਪ੍ਰਮੁੱਖ ਟੂਰਨਾਮੈਂਟ ਫਾਰਮੈਟ ਨੂੰ ਆਈਸੀਸੀ ਵਿਕਾਸ ਕਮੇਟੀ ਅਤੇ ਮੁੱਖ ਕਾਰਜਕਾਰੀ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਬੋਰਡ ਨੇ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਨਵੰਬਰ ਵਿੱਚ ਹੋਣ ਵਾਲੀਆਂ ਬੈਠਕਾਂ ਵਿੱਚ ਆਈਸੀਸੀ ਦੀ ਵਿੱਤ ਅਤੇ ਵਪਾਰਕ ਮਾਮਲਿਆਂ ਦੀ ਕਮੇਟੀ ਦੀ ਸਮੀਖਿਆ ਤੋਂ ਬਾਅਂਦ ਇਸ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ।’’
