ਜਲੰਧਰ ਨਾਲ ਸਬੰਧਿਤ ਹੈ ਨੌਜਵਾਨ
ਆਕਲੈਂਡ (ਅਮਨ ਮੋਹਨ) : ਪੰਜਾਬੀ ਮੂਲ ਦਾ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ ਨਿਊਜ਼ੀਲੈਂਡ ਦੀ ਟੀਮ ਵਲੋਂ ਫ਼ੀਫ਼ਾ ਵਿਸ਼ਵ ਕੱਪ ਖੇਡੇਗਾ। ਆਕਲੈਂਡ ਦੇ ਪੰਜਾਬੀ ਸਿੱਖ ਪਰਵਾਰ ਨਾਲ ਸਬੰਧਤ ਫੁੱਟਬਾਲਰ ਸਰਪ੍ਰੀਤ ਸਿੰਘ ਦੀ ਫ਼ੀਫ਼ਾ ਵਿਸ਼ਵ ਕੱਪ 2026 ਲਈ ਨਿਊਜ਼ਲੀਂਡ ਦੀ ਆਲ ਵ੍ਹਾਈਟਸ ਫ਼ੀਫ਼ਾ ਵਿਸ਼ਵ ਟੀਮ ਵਿਚ ਚੋਣ ਹੋ ਗਈ ਹੈ।
26 ਸਾਲਾਂ ਦੇ ਮਿਡ ਫ਼ੀਲਡਰ ਸਰਪ੍ਰੀਤ ਸਿੰਘ ਨੂੰ ਆਉਣ ਵਾਲੇ ਕੌਮਾਂਤਰੀ ਮੈਚਾਂ ਲਈ ਚੁਣਿਆ ਗਿਆ ਹੈ, ਜਿਸ ਨਾਲ ਸਿੱਖ ਅਤੇ ਭਾਰਤੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਹੈ। ਬੇਸ਼ੱਕ ਸਰਪ੍ਰੀਤ ਸਿੰਘ ਦਾ ਜਨਮ ਇਕ ਸਿੱਖ ਪਰਿਵਾਰ ਦੇ ਘਰ ਆਕਲੈਂਡ ’ਚ ਹੋਇਆ ਪਰ ਸਰਪ੍ਰੀਤ ਸਿੰਘ ਦਾ ਪਿਛੋਕੜ ਜਲੰਧਰ ਨਾਲ ਜੁੜਿਆ ਹੋਇਆ ਹੈ। ਉਸ ਦੇ ਪਿਤਾ ਸਿੱਖ ਹਨ, ਜਦਕਿ ਮਾਂ ਈਸਾਈ ਧਰਮ ਨਾਲ ਸਬੰਧਤ ਹੈ।
ਸਰਪ੍ਰੀਤ ਸਿੰਘ ਆਕਲੈਂਡ ਦੇ ਈਡਨ ਪਾਰਕ ’ਚ ਖੇਡੇ ਗਏ 2026 ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਇਰ ਦਾ ਹਿੱਸਾ ਰਹਿ ਚੁਕਿਆ ਹੈ। ਸਰਪ੍ਰੀਤ ਫ਼ੀਫ਼ਾ ਵਿਸ਼ਵ ਕੱਪ-2026 ਦਾ ਹਿੱਸਾ ਬਣਨ ਵਾਲਾ ਦੂਜੇ ਭਾਰਤੀ ਮੂਲ ਦਾ ਖਿਡਾਰੀ ਹੋਵੇਗਾ। ਉਸ ਤੋਂ ਪਹਿਲਾਂ ਵਿਕਾਸ ਰਾਵ ਧੋਰਾਸੂ ਸਾਲ 2006 ’ਚ ਉਪ ਜੇਤੂ ਰਹੀ ਫ਼ਰਾਂਸ ਟੀਮ ਦਾ ਹਿੱਸਾ ਸੀ ਪਰ ਇਸ ਦੌਰਾਨ ਉਸ ਨੂੰ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਜੇ ਸਰਪ੍ਰੀਤ ਨੂੰ 2026 ਵਿਚ ਨਿਊਜ਼ੀਲੈਂਡ ਦੀ ਟੀਮ ਵਲੋਂ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਹ ਫ਼ੀਫ਼ਾ ਕੱਪ ਖੇਡਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਜਾਵੇਗਾ।
ਜਾਣਕਾਰੀ ਮੁਤਾਬਕ ਸਰਪ੍ਰੀਤ 7 ਸਾਲ ਦੀ ਉਮਰ ਵਿਚ ਇਕ ਫੁਟਬਾਲ ਕਲੱਬ ਵਿਚ ਸ਼ਾਮਲ ਹੋ ਗਿਆ ਸੀ। ਉਹ ਅੰਡਰ-17 ਓਸ਼ਿਆਨਾ ਕੱਪ ਅਤੇ ਅੰਡਰ-20 ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਟੀਮ ਦਾ ਹਿੱਸਾ ਬਣਿਆ। ਟੂਰਨਾਮੈਂਟ ਵਿਚ ਸਰਪ੍ਰੀਤ ਸਿੰਘ ਦੇ ਜੌਹਰਾਂ ਨੇ ਯੂਰਪੀ ਕਲੱਬਾਂ ਦਾ ਧਿਆਨ ਉਸ ਵਲ ਖਿੱਚਿਆ। ਸਾਲ 2019 ਸਰਪ੍ਰੀਤ ਸਿੰਘ ਲਈ ਉਸ ਦੇ ਸੁਪਨੇ ਪੂਰੇ ਕਰਨ ਵਾਲਾ ਸਾਲ ਸੀ, ਜਦੋਂ ਯੂਰਪ ਅਤੇ ਜਰਮਨ ਦੇ ਵੱਡੇ ਫ਼ੁਟਬਾਲ ਕਲੱਬ ਬਾਇਰਨ ਮਿਊਨਿਖ ਨੇ ਉਸ ਨੂੰ ਸਾਈਨ ਕੀਤਾ। ਸਰਪ੍ਰੀਤ ਦਿੱਗਜ਼ ਖਿਡਾਰੀਆਂ ਦੀ ਟੀਮ ਦਾ ਹਿੱਸਾ ਬਣਿਆ। ਉਸ ਦੀ ਖੇਡ ਨੇ ਕਲੱਬ ਦੇ ਕੋਚ ਨੂੰ ਪ੍ਰਭਾਵਤ ਕੀਤਾ ਤੇ ਹੁਣ ਉਹ ਨਿਊਜ਼ੀਲੈਂਡ ਦੀ ਟੀਮ ਵਲੋਂ ਫ਼ੀਫ਼ਾ ਵਿਸ਼ਵ ਕੱਪ ਖੇਡੇਗਾ।
