403 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਫਗਾਨਿਸਤਾਨ 232 ਦੌੜਾਂ 'ਤੇ ਹੋਈ ਆਊਟ, ਅਰਸ਼ਦੀਪ ਸਿੰਘ ਅਤੇ ਗੁਰਨੂਰ ਬਰਾੜ ਨੇ 3-3 ਵਿਕਟਾਂ ਕੀਤੀਆਂ ਹਾਸਲ
ਲਖਨਊ: ਭਾਰਤ ਨੇ ਦੂਜੇ ਵਨਡੇ ਮੈਚ ਵਿਚ ਅਫ਼ਗ਼ਾਨਿਸਤਾਨ ਨੂੰ 170 ਦੌੜਾਂ ਨਾਲ ਹਰਾ ਦਿਤਾ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 403 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿਚ ਅਫ਼ਗ਼ਾਨਿਸਤਾਨ ਦੀ ਟੀਮ 44.3 ਓਵਰਾਂ ਵਿਚ 232 ਦੌੜਾਂ ਬਣਾ ਕੇ ਸਿਮਟ ਗਈ। ਲਖਨਊ ਦੇ ਏਕਾਨਾ ਸਟੇਡੀਅਮ ਵਿਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤੀ ਟੀਮ 49.5 ਓਵਰਾਂ ਵਿਚ 402 ਦੌੜਾਂ ’ਤੇ ਆਲ ਆਊਟ ਹੋ ਗਈ। ਕਪਤਾਨ ਸ਼ੁਭਮਨ ਗਿੱਲ ਨੇ 154 ਦੌੜਾਂ ਬਣਾਈਆਂ ਅਤੇ ਈਸ਼ਾਨ ਕਿਸ਼ਨ ਨੇ 125 ਦੌੜਾਂ ਬਣਾਈਆਂ।
ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਯਸ਼ਸਵੀ ਜੈਸਵਾਲ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਦੂਜੀ ਵਿਕਟ ਲਈ 87 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਰੋਹਿਤ 48 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ, ਗਿੱਲ ਅਤੇ ਈਸ਼ਾਨ ਨੇ ਤੀਜੀ ਵਿਕਟ ਲਈ 224 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਅਫ਼ਗ਼ਾਨਿਸਤਾਨ ਲਈ, ਨੰਗੇਲੀਆ ਖਰੋਟੇ ਨੇ 4 ਵਿਕਟਾਂ ਲਈਆਂ, ਜਦੋਂ ਕਿ ਰਾਸ਼ਿਦ ਖ਼ਾਨ ਨੇ 3 ਵਿਕਟਾਂ ਲਈਆਂ।
