ਰਸ਼ਦੀਪ ਦੀਆਂ ਦੋਵੇਂ ਛੋਟੀਆਂ ਭੈਣਾਂ ਸੁਖਵੀਰ ਅਤੇ ਰਣਜੀਤ ਕੌਰ ਵੀ ਹਨ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ
ਸੰਗਰੂਰ: ਪੰਜਾਬ ਦੇ ਖੇਡ ਜਗਤ ਲਈ ਇੱਕ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਦੇ ਪਿੰਡ ਗੰਢੂਆਂ ਦੀ ਹੋਣਹਾਰ ਅਥਲੀਟ ਰਸ਼ਦੀਪ ਕੌਰ ਆਗਾਮੀ ਰਾਸ਼ਟਰਮੰਡਲ ਖੇਡਾਂ (Glasgow CWG) ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਜਾ ਰਹੀ ਹੈ। ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (AFI) ਵੱਲੋਂ 14 ਜੂਨ 2026 ਨੂੰ ਭਾਰਤੀ ਐਥਲੈਟਿਕਸ ਟੀਮ ਦੇ 32 ਮੈਂਬਰਾਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਰਸ਼ਦੀਪ ਕੌਰ ਦਾ ਨਾਂ ਵੀ ਪ੍ਰਮੁੱਖਤਾ ਨਾਲ ਸ਼ਾਮਲ ਹੈ। ਰਸ਼ਦੀਪ ਨੇ ਇਹ ਵੱਡੀ ਪ੍ਰਾਪਤੀ 4x400 ਮੀਟਰ ਰਿਲੇਅ ਰੇਸ ਵਿੱਚ ਕੁਆਲੀਫਾਈ ਕਰਕੇ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਪਿਤਾ ਨੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਧੀਆਂ ਨੂੰ ਉਤਾਰਿਆ ਮੈਦਾਨ ਵਿੱਚ
ਰਸ਼ਦੀਪ ਕੌਰ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਲੰਮਾ ਸੰਘਰਸ਼ ਅਤੇ ਦ੍ਰਿੜ ਇਰਾਦਾ ਛਿਪਿਆ ਹੋਇਆ ਹੈ। ਸਮਾਜਿਕ ਰੂੜ੍ਹੀਵਾਦੀ ਸੋਚ ਅਤੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾਂ, ਰਸ਼ਦੀਪ ਦੇ ਪਿਤਾ ਗੁਰਲਾਲ ਸਿੰਘ ਨੇ ਆਪਣੀਆਂ ਧੀਆਂ ਨੂੰ ਖੇਡ ਮੈਦਾਨ ਵਿੱਚ ਉਤਾਰਿਆ। ਅੱਜ ਉਨ੍ਹਾਂ ਦੀ ਉਸੇ ਮਿਹਨਤ ਅਤੇ ਹੌਸਲੇ ਨੂੰ ਇੱਕ ਇਤਿਹਾਸਕ ਸਫ਼ਲਤਾ ਮਿਲੀ ਹੈ।
ਮਾਣ ਵਾਲੀ ਗੱਲ ਇਹ ਵੀ ਹੈ ਕਿ ਖੇਡਾਂ ਦਾ ਇਹ ਜਜ਼ਬਾ ਪੂਰੇ ਪਰਿਵਾਰ ਵਿੱਚ ਹੈ। ਰਸ਼ਦੀਪ ਦੀਆਂ ਦੋਵੇਂ ਛੋਟੀਆਂ ਭੈਣਾਂ ਸੁਖਵੀਰ ਕੌਰ ਅਤੇ ਰਣਜੀਤ ਕੌਰ ਵੀ ਬਿਹਤਰੀਨ ਖਿਡਾਰਨਾਂ ਹਨ ਅਤੇ ਨੈਸ਼ਨਲ ਪੱਧਰ 'ਤੇ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੀਆਂ ਹਨ।
ਕੋਚ ਸਰਬਜੀਤ ਸਿੰਘ ਹੈਪੀ ਨੇ ਨਿਭਾਈ ਵੱਡੀ ਭੂਮਿਕਾ
ਰਸ਼ਦੀਪ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਜਲੰਧਰ ਦੇ ਐਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਰਸ਼ਦੀਪ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਪਿਛਲੇ 10 ਸਾਲਾਂ ਤੱਕ ਨਾ ਸਿਰਫ਼ ਉਸ ਨੂੰ ਮੁਫ਼ਤ ਖੇਡ ਸਿਖਲਾਈ ਦਿੱਤੀ, ਬਲਕਿ ਆਰਥਿਕ ਤੌਰ 'ਤੇ ਵੀ ਹਰਸੰਭਵ ਮਦਦ ਕੀਤੀ। ਕੋਚ ਅਤੇ ਖਿਡਾਰਨ ਦੀ ਇਸ 10 ਸਾਲਾਂ ਦੀ ਅਣਥੱਕ ਮਿਹਨਤ ਸਦਕਾ ਅੱਜ ਰਸ਼ਦੀਪ ਕੌਰ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦਾ ਤਿਰੰਗਾ ਲਹਿਰਾਉਣ ਲਈ ਤਿਆਰ ਹੈ।
