ਫੀਫਾ ਵਿਸ਼ਵ ਕੱਪ ਮੈਚ ਵਿਚ ਖੇਡਣ ਵਾਲੇ ਪਹਿਲੇ ਭਾਰਤੀ ਮੂਲ ਦੇ ਖਿਡਾਰੀ ਬਣੇ
ਨਵੀਂ ਦਿੱਲੀ : ਫੁੱਟਬਾਲ ਦੀ ਦੁਨੀਆਂ ਵਿਚ ਭਾਰਤੀ ਮੂਲ ਦੇ ਖਿਡਾਰੀਆਂ ਨੇ ਇਕ ਨਵਾਂ ਮੁਕਾਮ ਹਾਸਲ ਕੀਤਾ ਹੈ। ਨਿਊਜ਼ੀਲੈਂਡ ਦੇ ਹਮਲਾਵਰ ਮਿਡਫੀਲਡਰ ਸਰਪ੍ਰੀਤ ਸਿੰਘ ਨੇ ਫੀਫਾ ਵਿਸ਼ਵ ਕੱਪ ਵਿਚ ਇਤਿਹਾਸ ਰਚ ਦਿਤਾ ਹੈ। ਲਾਸ ਏਂਜਲਸ ਵਿਚ ਇਰਾਨ ਵਿਰੁਧ ਖੇਡੇ ਗਏ ਗਰੁੱਪ ਮੈਚ ਵਿਚ ਸਰਪ੍ਰੀਤ ਭਾਰਤੀ ਮੂਲ ਦੇ ਪਹਿਲੇ ਅਜਿਹੇ ਫੁੱਟਬਾਲਰ ਬਣ ਗਏ ਹਨ, ਜਿਨ੍ਹਾਂ ਨੇ ਵਿਸ਼ਵ ਕੱਪ ਮੈਚ ਦੀ ਸ਼ੁਰੂਆਤੀ ਟੀਮ ਵਿਚ ਅਪਣੀ ਜਗ੍ਹਾ ਬਣਾਈ।
ਆਕਲੈਂਡ ਵਿਚ ਪੰਜਾਬੀ ਮਾਪਿਆਂ ਦੇ ਘਰ ਜਨਮੇ 27 ਸਾਲ ਦੇ ਸਰਪ੍ਰੀਤ ਨੇ ਇਸ ਅਹਿਮ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਊਜ਼ੀਲੈਂਡ ਦੇ ਮੁੱਖ ਕੋਚ ਡੈਰੇਨ ਬੇਜ਼ਲੇ ਨੇ ਉਨ੍ਹਾਂ ਉਤੇ ਭਰੋਸਾ ਪ੍ਰਗਟਾਇਆ ਅਤੇ ਸਰਪ੍ਰੀਤ ਮੈਚ ਦੇ 90ਵੇਂ ਮਿੰਟ ਤਕ ਮੈਦਾਨ ਉਤੇ ਡਟੇ ਰਹੇ। ਨੰਬਰ 10 ਦੀ ਜਰਸੀ ਪਹਿਨੇ ਸਰਪ੍ਰੀਤ ਨੇ ਇਰਾਨ ਦੇ ਗੋਲਪੋਸਟ ਉਤੇ ਤਿੰਨ ਵਾਰ ਹਮਲੇ ਕੀਤੇ, ਜਿਨ੍ਹਾਂ ’ਚੋਂ ਇਕ ਕੋਸ਼ਿਸ਼ ਕਾਫੀ ਖਤਰਨਾਕ ਸੀ।
ਇਹ ਰੋਮਾਂਚਕ ਮੁਕਾਬਲਾ 2-2 ਦੀ ਬਰਾਬਰੀ ਉਤੇ ਖਤਮ ਹੋਇਆ। ਸਰਪ੍ਰੀਤ ਦੇ ਕਰੀਅਰ ਉਤੇ ਨਜ਼ਰ ਮਾਰੀਏ ਤਾਂ ਉਹ 2018 ਵਿਚ ਮੁੰਬਈ ਵਿਖੇ ਹੋਏ ਇੰਟਰਕੌਂਟੀਨੈਂਟਲ ਕੱਪ ਵਿਚ ਵੀ ਖੇਡ ਚੁਕੇ ਹਨ, ਜਿੱਥੇ ਉਨ੍ਹਾਂ ਨੇ ਭਾਰਤ ਵਿਰੁਧ ਦੋ ਗੋਲ ਕਰਨ ਵਿਚ ਮਦਦ ਕੀਤੀ ਸੀ। ਸਾਲ 2019 ’ਚ, ਉਹ ਜਰਮਨ ਲੀਗ ਵਿਚ ਬੇਅਰਨ ਮਿਊਨਿਖ ਲਈ ਖੇਡਣ ਵਾਲੇ ਪਹਿਲੇ ਭਾਰਤੀ ਮੂਲ ਦੇ ਖਿਡਾਰੀ ਵੀ ਬਣੇ ਸਨ।
ਇਸ ਵਿਸ਼ਵ ਕੱਪ ਵਿਚ ਸਰਪ੍ਰੀਤ ਤੋਂ ਇਲਾਵਾ, ਆਸਟ੍ਰੇਲੀਆ ਦੇ ਨਿਸ਼ਾਨ ਵੇਲੁਪਿਲੇਈ ਵੀ ਭਾਰਤੀ ਮੂਲ ਦੇ ਖਿਡਾਰੀ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਅਪਣਾ ਵਿਸ਼ਵ ਕੱਪ ਆਗਾਜ਼ ਕੀਤਾ ਹੈ। ਫੀਫਾ ਦੇ ਨਿਯਮਾਂ ਅਨੁਸਾਰ, ਕੋਈ ਵੀ ਖਿਡਾਰੀ ਉਸ ਦੇਸ਼ ਲਈ ਖੇਡ ਸਕਦਾ ਹੈ ਜਿੱਥੇ ਉਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਦਾ ਜਨਮ ਹੋਇਆ ਹੋਵੇ। ਸਰਪ੍ਰੀਤ ਦੀ ਇਹ ਪ੍ਰਾਪਤੀ ਨਿਸ਼ਚਿਤ ਤੌਰ ਉਤੇ ਵਿਸ਼ਵ ਭਰ ਦੇ ਭਾਰਤੀ ਮੂਲ ਦੇ ਖਿਡਾਰੀਆਂ ਲਈ ਇਕ ਵੱਡੀ ਪ੍ਰੇਰਣਾ ਹੈ। (ਪੀ.ਟੀ.ਆਈ.)
