ਕੇ.ਐਲ. ਰਾਹੁਲ ਬਣੇ ਟੈਸਟ ਉਪ-ਕਪਤਾਨ, ਸ਼ੁਭਮਨ ਗਿੱਲ ਬਣੇ ਰਹਿਣਗੇ ਕਪਤਾਨ
ਗੁਹਾਟੀ: ਭਾਰਤੀ ਕ੍ਰਿਕਟ ਟੀਮ ਦੇ ਖ਼ਤਰਨਾਕ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੂੰ ਵੱਡਾ ਝਟਕਾ ਲੱਗਾ ਹੈ। ਅਜੀਤ ਅਗਰਕਰ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ ਨੇ ਅਫਗਾਨਿਸਤਾਨ ਖਿਲਾਫ ਹੋਣ ਵਾਲੀ ਆਗਾਮੀ ਲੜੀ ਲਈ ਵੱਡੇ ਫੈਸਲੇ ਲਏ ਹਨ। ਪੰਤ ਨੂੰ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਇੱਕਮਾਤਰ ਟੈਸਟ ਮੈਚ ਦੀ ਉਪ-ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਕੇ.ਐਲ. ਰਾਹੁਲ ਨੂੰ ਟੈਸਟ ਟੀਮ ਦਾ ਨਵਾਂ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਪੰਤ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਵੀ ਭਾਰਤੀ ਟੀਮ ਵਿੱਚ ਜਗ੍ਹਾ ਵੀ ਨਹੀਂ ਮਿਲੀ ਹੈ।
ਸ਼ੁਭਮਨ ਗਿੱਲ ਦੋਵਾਂ ਫਾਰਮੈਟਾਂ ਵਿੱਚ ਟੀਮ ਦੀ ਕਮਾਨ ਸੰਭਾਲਣਗੇ। ਇਸ ਦੇ ਨਾਲ ਹੀ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਇਸ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਬੁਮਰਾਹ ਉਦੋਂ ਵਾਪਸੀ ਕਰਨਗੇ ਜਦੋਂ ਅਸੀਂ ਇੰਗਲੈਂਡ ਦਾ ਦੌਰਾ ਕਰਾਂਗੇ।’’
ਇਸ ਲੜੀ ਵਿੱਚ ਆਈ.ਪੀ.ਐੱਲ. ਸਟਾਰ ਮਾਨਵ ਸੁਥਾਰ ਅਤੇ ਗੁਰਨੂਰ ਬਰਾੜ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ, ਜਦਕਿ ਪ੍ਰਿੰਸ ਯਾਦਵ ਇਕ ਦਿਨਾ ਟੀਮ ਵਿੱਚ ਨਵਾਂ ਚਿਹਰਾ ਹੋਣਗੇ। ਅਫਗਾਨਿਸਤਾਨ ਖਿਲਾਫ ਇਹ ਘਰੇਲੂ ਸੀਰੀਜ਼ 6 ਜੂਨ ਨੂੰ ਮੁੱਲਾਂਪੁਰ ਵਿਖੇ ਟੈਸਟ ਮੈਚ ਨਾਲ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ 14 ਜੂਨ ਤੋਂ ਧਰਮਸ਼ਾਲਾ, ਲਖਨਊ ਅਤੇ ਚੇਨਈ ਵਿੱਚ ਤਿੰਨ ਵਨਡੇ ਮੈਚ ਖੇਡੇ ਜਾਣਗੇ।
ਭਾਰਤ ਦੀ ਟੈਸਟ ਟੀਮ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇ.ਐਲ. ਰਾਹੁਲ (ਉਪ-ਕਪਤਾਨ), ਸਾਈ ਸੁਦਰਸ਼ਨ, ਰਿਸ਼ਭ ਪੰਤ, ਦੇਵਦੱਤ ਪੱਡੀਕਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੂਬੇ, ਧਰੁਵ ਜੁਰੇਲ।
ਭਾਰਤ ਦੀ ਇਕ ਦਿਨਾ ਟੀਮ : ਸ਼ੁਭਮਨ ਗਿੱਲ (ਕਪਤਾਨ), ਸ਼੍ਰੇਅਸ ਅਈਅਰ (ਉਪ-ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇ.ਐਲ. ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੂਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨਾ, ਪ੍ਰਿੰਸ ਯਾਦਵ, ਗੁਰਨੂਰ ਬਰਾੜ।
