ਜਪਾਨ ਓਪਨ ਸੁਪਰ-750 ਬੈਡਮਿੰਟਨ ਦੇ ਫਾਈਨਲ ’ਚ ਜਪਾਨ ਦੀ ਯਾਮਾਗੁਚੀ ਨੂੰ 21-17, 21-17 ਨਾਲ ਹਰਾਇਆ
ਟੋਕਿਓ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਜਾਪਾਨ ਓਪਨ ਸੁਪਰ-750 ਬੈਡਮਿੰਟਨ ਟੂਰਨਾਮੈਂਟ ਜਿੱਤ ਲਿਆ ਹੈ। ਉਹ ਇਹ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਹੈ। 31 ਸਾਲਾ ਸਿੰਧੂ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-17, 21-17 ਨਾਲ ਹਰਾਇਆ। ਇਹ ਮੈਚ 50 ਮਿੰਟ ਤੱਕ ਚੱਲਿਆ।
ਸਿੰਧੂ 4 ਸਾਲ ਬਾਅਦ ਯਾਮਾਗੁਚੀ ਨੂੰ ਕਿਸੇ ਪੂਰੇ ਮੈਚ ਵਿੱਚ ਹਰਾ ਸਕੀ ਹੈ। ਉਸ ਨੂੰ ਪਿਛਲੀ ਜਿੱਤ 2022 ਵਿੱਚ ਥਾਈਲੈਂਡ ਓਪਨ ਵਿੱਚ ਮਿਲੀ ਸੀ। ਪਿਛਲੇ ਸਾਲ ਮਲੇਸ਼ੀਆ ਓਪਨ ਵਿੱਚ ਯਾਮਾਗੁਚੀ ਰਿਟਾਇਰ ਹਰਟ (ਜ਼ਖ਼ਮੀ ਹੋ ਕੇ ਬਾਹਰ) ਹੋ ਗਈ ਸੀ।
ਸਿੰਧੂ ਨੇ 2 ਸਾਲ ਬਾਅਦ ਕੋਈ ਖ਼ਿਤਾਬ ਜਿੱਤਿਆ ਹੈ। ਉਸ ਨੇ 2024 ਵਿੱਚ ਸਈਅਦ ਮੋਦੀ ਇੰਟਰਨੈਸ਼ਨਲ ਜਿੱਤਿਆ ਸੀ। ਉਹ 2022 ਵਿੱਚ ਸਿੰਗਾਪੁਰ ਓਪਨ ਸੁਪਰ 500 ਵਿੱਚ ਚੈਂਪੀਅਨ ਬਣੀ ਸੀ।
ਇਹ ਸਿੰਧੂ ਦੇ ਕਰੀਅਰ ਦਾ ਪਹਿਲਾ ਸੁਪਰ-750 ਖ਼ਿਤਾਬ ਹੈ। 2019 ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਇਹ ਉਸ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਖ਼ਿਤਾਬ ਹੈ।
ਸੈਮੀਫਾਈਨਲ ਵਿੱਚ ਚੇਨ ਯੂ ਫੇਈ ਜ਼ਖ਼ਮੀ ਹੋ ਕੇ ਬਾਹਰ ਹੋਈ
ਸੈਮੀਫਾਈਨਲ ਵਿੱਚ ਚੀਨ ਦੀ ਚੇਨ ਯੂ ਫੇਈ ਹੈਮਸਟ੍ਰਿੰਗ ਦੀ ਸੱਟ ਕਾਰਨ ਰਿਟਾਇਰਡ ਹਰਟ ਹੋ ਗਈ ਸੀ। ਉਸ ਸਮੇਂ ਸਿੰਧੂ 21-19, 15-10 ਨਾਲ ਅੱਗੇ ਸੀ। ਇਸ ਤੋਂ ਪਹਿਲਾਂ ਸਿੰਧੂ ਖ਼ਿਲਾਫ਼ ਜਾਪਾਨ ਦੀ ਸਾਬਕਾ ਵਰਲਡ ਚੈਂਪੀਅਨ ਨੋਜ਼ੋਮੀ ਓਕੁਹਾਰਾ ਸੱਟ ਕਾਰਨ ਕੋਰਟ ਵਿੱਚ ਨਹੀਂ ਉਤਰੀ, ਜਿਸ ਕਾਰਨ ਸਿੰਧੂ ਨੂੰ ਵਾਕਓਵਰ ਮਿਲ ਗਿਆ। ਇਸ ਤੋਂ ਪਹਿਲਾਂ ਦੂਜੇ ਦੌਰ ਵਿੱਚ ਸਿੰਧੂ ਨੇ ਚੀਨ ਦੀ ਹਾਨ ਯੂ ਨੂੰ 35 ਮਿੰਟਾਂ ਵਿੱਚ 21-16, 21-14 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।
