ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਮੋਦ ਨੌਟਿਆਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ
ਦੇਹਰਾਦੂਨ: ਉੱਤਰਾਖੰਡ ਦੇ ਬਦਰੀਨਾਥ ਧਾਮ ਵਿੱਚ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੇ ਸਬੰਧ ਵਿੱਚ ਮੁਅੱਤਲ 'ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਿਰ ਸਮਿਤੀ' (BKTC) ਦੇ ਮੁਲਾਜ਼ਮ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ BKTC ਪ੍ਰਧਾਨ ਦੇ ਦਫ਼ਤਰ ਵਿੱਚ ਨਿੱਜੀ ਸਹਾਇਕ ਰਹੇ ਪ੍ਰਮੋਦ ਨੌਟਿਆਲ ਖ਼ਿਲਾਫ਼ ਮੰਗਲਵਾਰ ਦੇਰ ਰਾਤ ਐੱਫਆਈਆਰ ਦਰਜ ਕੀਤੀ ਗਈ।
ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਮਾਮਲੇ ਨੂੰ 'ਗੋਹਤਿਆ' ਵਰਗਾ ਪਾਪ ਦੱਸਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਬੀਕੇਟੀਸੀ ਵੱਲੋਂ ਗਠਿਤ ਚਾਰ ਮੈਂਬਰੀ ਕਮੇਟੀ ਦੀ ਮੁਢਲੀ ਜਾਂਚ ਵਿੱਚ ਪਹਿਲੀ ਨਜ਼ਰੇ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਨੌਟਿਆਲ ਨੂੰ ਮੰਗਲਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਕੁਝ ਘੰਟਿਆਂ ਬਾਅਦ ਹੀ ਉਸ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਗਈ ਹੈ।
ਬੀਕੇਟੀਸੀ ਵੱਲੋਂ ਬਦਰੀਨਾਥ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ 2 ਜੁਲਾਈ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਗਠਿਤ ਕਮੇਟੀ ਦੀ ਮੁਢਲੀ ਰਿਪੋਰਟ ਵਿੱਚ ਪਹਿਲੀ ਨਜ਼ਰੇ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਨੌਟਿਆਲ ਮੰਦਿਰ ਦਾ ਪੈਸਾ ਆਪਣੇ ਨਾਲ ਲੈ ਗਿਆ ਸੀ।
ਨੌਟਿਆਲ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 306 (ਕਿਸੇ ਮੁਲਾਜ਼ਮ ਵੱਲੋਂ ਆਪਣੇ ਮਾਲਕ ਦੀ ਜਾਇਦਾਦ ਦੀ ਚੋਰੀ ਕਰਨਾ) ਅਤੇ 316 (5) (ਵਿਸ਼ੇਸ਼ ਨਿਆਸੀਆਂ/ਟਰਸਟੀਆਂ ਵੱਲੋਂ ਕੀਤਾ ਗਿਆ ਅਪਰਾਧਿਕ ਵਿਸ਼ਵਾਸਘਾਤ) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਗੜ੍ਹਵਾਲ ਦੇ ਕਮਿਸ਼ਨਰ ਆਨੰਦ ਸਵਰੂਪ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਉੱਚ ਪੱਧਰੀ ਟੀਮ ਗਠਿਤ ਕੀਤੀ ਗਈ ਹੈ।
ਸੂਬੇ ਦੇ ਸੈਰ-ਸਪਾਟਾ ਸਕੱਤਰ ਧੀਰਾਜ ਸਿੰਘ ਗਰਬਿਆਲ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉੱਚ ਪੱਧਰੀ ਕਮੇਟੀ ਮੰਦਿਰ ਵਿੱਚ ਪ੍ਰਾਪਤ ਹੋਣ ਵਾਲੇ ਦਾਨ-ਚੜ੍ਹਾਵੇ ਨਾਲ ਸਬੰਧਤ ਕਥਿਤ ਬੇਨਿਯਮੀਆਂ ਦੀ ਵਿਸਤ੍ਰਿਤ ਜਾਂਚ ਕਰਕੇ 15 ਦਿਨਾਂ ਵਿੱਚ ਰਿਪੋਰਟ ਪੇਸ਼ ਕਰੇਗੀ।
ਇਸ ਦੌਰਾਨ, ਹਰਿਦੁਆਰ ਵਿੱਚ ਧਾਮੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਪੁਲਿਸ ਕੋਲ ਵੀ ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ।
ਉਨ੍ਹਾਂ ਕਿਹਾ, “ਇਹ ਗੋਹਤਿਆ ਵਰਗਾ ਪਾਪ ਹੈ। ਜਿਸ ਤਰ੍ਹਾਂ ਕੋਈ ਮਾਪਿਆਂ ਦਾ ਕਤਲ ਕਰ ਦਿੰਦਾ ਹੈ, ਇਹ ਉਸੇ ਤਰ੍ਹਾਂ ਦਾ ਇੱਕ ਮਹਾਂਪਾਪ ਹੈ। ਇਹ ਮੁਆਫ਼ੀ ਦੇ ਯੋਗ ਨਹੀਂ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ।”
ਮੰਦਿਰ ਦੇ ਪ੍ਰਬੰਧ ਵਿੱਚ ਬਦਲਾਅ ਦੀ ਲੋੜ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉੱਚ ਪੱਧਰੀ ਜਾਂਚ ਕਮੇਟੀ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਚੀਜ਼ਾਂ ਨੂੰ ਕਿਵੇਂ ਸੁਚਾਰੂ ਕੀਤਾ ਜਾਵੇ।
ਉੱਤਰ ਪ੍ਰਦੇਸ਼ ਦੇ ਅਯੁੱਧਿਆ ਸਥਿਤ ਰਾਮ ਮੰਦਿਰ ਵਿੱਚ ਚੜ੍ਹਾਵਾ ਚੋਰੀ ਹੋਣ ਦੇ ਦੋਸ਼ਾਂ ਤੋਂ ਬਾਅਦ ਹੁਣ ਬਦਰੀਨਾਥ ਧਾਮ ਵਿੱਚ ਵੀ ਅਜਿਹੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਹਮਲਾਵਰ ਹੈ।
ਕਾਂਗਰਸ ਦੀ ਉੱਤਰਾਖੰਡ ਇਕਾਈ ਦੇ ਪ੍ਰਧਾਨ ਗਣੇਸ਼ ਗੋਦਿਆਲ ਨੇ ਪੂਰੇ ਮਾਮਲੇ ਦੀ ਨਿਆਇਕ ਜਾਂਚ ਜਾਂ ਫਿਰ ਵਿਧਾਨ ਸਭਾ ਦੀ ਸਾਂਝੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ, “ਜਿਸ ਤਰ੍ਹਾਂ ਰਾਮ ਮੰਦਿਰ ਵਿੱਚ ਸਨਾਤਨ ਧਰਮ ਦੇ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਨਾਲ ਖਿਲਵਾੜ ਹੋਇਆ, ਉਸੇ ਤਰ੍ਹਾਂ ਹੁਣ ਬਦਰੀਨਾਥ ਧਾਮ ਵਿੱਚ ਵੀ ਗੰਭੀਰ ਦੋਸ਼ ਸਾਹਮਣੇ ਆਏ ਹਨ। ਮੰਦਿਰ ਵਿੱਚ ਚੋਰੀ, ਬਹੁਮੁੱਲੇ ਰਤਨਾਂ, ਗਹਿਣਿਆਂ ਅਤੇ ਚੜ੍ਹਾਵੇ ਵਿੱਚ ਕਥਿਤ ਬੇਨਿਯਮੀਆਂ ਵਰਗੇ ਗੰਭੀਰ ਦੋਸ਼ ਸੱਤਾਧਾਰੀ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੇ ਗਏ ਲੋਕਾਂ 'ਤੇ ਲੱਗੇ ਹਨ।”
ਗੋਦਿਆਲ ਨੇ ਕਿਹਾ, “ਮੈਂ ਮੰਗ ਕਰਦਾ ਹਾਂ ਕਿ ਇਸ ਪੂਰੇ ਮਾਮਲੇ ਦੀ ਨਿਆਇਕ ਜਾਂਚ ਕਰਵਾਈ ਜਾਵੇ ਜਾਂ ਵਿਧਾਨ ਸਭਾ ਦੀ ਸਾਂਝੀ ਕਮੇਟੀ ਇਸ ਦੀ ਜਾਂਚ ਕਰੇ।”
