ਅਪਰਾਧ ਘਟਾਉਣ ਅਤੇ ਸਿੱਖ ਕਾਰੋਬਾਰੀਆਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਆਕਲੈਂਡ ਦੇ ਪ੍ਰਸਿੱਧ ਗੁਰਦੁਆਰਾ ਟਾਕਾਨੀਨੀ ਸਾਹਿਬ ਵਿਖੇ ਨਤਮਸਤਕ ਹੋਏ। ਇਥੇ ਦੇਸ਼ ਦੀ ਤਰੱਕੀ ਅਤੇ ਸਮਾਜਿਕ ਤਾਣੇ-ਬਾਣੇ ਵਿਚ ਸਿੱਖ ਭਾਈਚਾਰੇ ਵਲੋਂ ਪਾਏ ਜਾ ਰਹੇ ਬੇਮਿਸਾਲ ਯੋਗਦਾਨ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। 'ਸਿੱਖ ਚਿਲਡਰਨ ਡੇਅ' ਦੇ ਸਮਾਪਤੀ ਸਮਾਰੋਹ ਦੌਰਾਨ ਇਕੱਠੀ ਹੋਈ ਹਜ਼ਾਰਾਂ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਕ ਬਹੁਤ ਹੀ ਭਾਵੁਕ ਅਤੇ ਇਤਿਹਾਸਕ ਬਿਆਨ ਦਿੱਤਾ।
ਉਨ੍ਹਾਂ ਕਿਹਾ, ‘‘ਤੁਸੀਂ ਵੀ ਓਨੇ ਹੀ ਨਿਊਜ਼ੀਲੈਂਡਰ ਹੋ, ਜਿੰਨਾ ਕੋਈ ਹੋਰ। ਦੇਸ਼ ਦੇ ਵਿਕਾਸ ਵਿਚ ਤੁਹਾਡੀ ਸਖ਼ਤ ਮਿਹਨਤ ਅਤੇ ਵਚਨਬੱਧਤਾ 'ਤੇ ਪੂਰੇ ਦੇਸ਼ ਨੂੰ ਮਾਣ ਹੈ।’’ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਲਕਸਨ ਨੇ ਨਫ਼ਰਤ ਫੈਲਾਉਣ ਵਾਲੇ ਅਤੇ ਕੱਟੜਪੰਥੀ ਅਨਸਰਾਂ ਨੂੰ ਬਹੁਤ ਹੀ ਸਪੱਸ਼ਟ ਸੰਦੇਸ਼ ਦਿਤਾ।
ਉਨ੍ਹਾਂ ਸਾਫ਼ ਸ਼ਬਦਾਂ ਵਿਚ ਆਖਿਆ ਕਿ ਨਿਊਜ਼ੀਲੈਂਡ ਇਕ ਬਹੁ-ਸੱਭਿਆਚਾਰਕ ਦੇਸ਼ ਹੈ ਅਤੇ ਇੱਥੇ ਨਸਲਵਾਦ ਲਈ ਕੋਈ ਥਾਂ ਨਹੀਂ ਹੈ। ਸਰਕਾਰ ਹਰ ਨਾਗਰਿਕ ਦੀ ਬਰਾਬਰੀ ਅਤੇ ਆਪਸੀ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪਿਛਲੇ ਸਮੇਂ ਦੌਰਾਨ ਨਿਊਜ਼ੀਲੈਂਡ ਵਿਚ ਸਿੱਖ ਭਾਈਚਾਰੇ ਅਤੇ ਖਾਸ ਕਰਕੇ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਇਸ ਖੇਤਰ ਵਿਚ ਅਪਰਾਧ ਇਕ ਵੱਡੀ ਚੁਣੌਤੀ ਸੀ। ਪਰ ਮੌਜੂਦਾ ਸਰਕਾਰ ਦੀਆਂ ਸਖ਼ਤ ਨੀਤੀਆਂ ਅਤੇ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਸਦਕਾ ਅਜਿਹੀਆਂ ਵਾਰਦਾਤਾਂ ਵਿਚ 85 ਫੀਸਦੀ ਤੱਕ ਦੀ ਵੱਡੀ ਕਮੀ ਆਈ ਹੈ।
ਉਨ੍ਹਾਂ ਭਰੋਸਾ ਦਿਤਾ ਕਿ ਭਾਈਚਾਰੇ ਦੀ ਜਾਨ-ਮਾਲ ਦੀ ਸੁਰੱਖਿਆ ਸਰਕਾਰ ਦੀ ਮੁੱਖ ਤਰਜੀਹ ਹੈ। ਸਮਾਗਮ ਦੀ ਸ਼ੁਰੂਆਤ ਦੌਰਾਨ ਗੁਰੂਘਰ ਦੇ ਬੱਚਿਆਂ ਅਤੇ ਬੀਬੀਆਂ ਵਲੋਂ ਨਿਊਜ਼ੀਲੈਂਡ ਦਾ ਰਾਸ਼ਟਰੀ ਗੀਤ ਗਾ ਕੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ।
ਲਕਸਨ ਨੇ ਸਿੱਖ ਭਾਈਚਾਰੇ ਵਲੋਂ ਆਪਣੀ ਅਗਲੀ ਪੀੜ੍ਹੀ ਨੂੰ ਉੱਚੇ ਸੰਸਕਾਰ ਦੇਣ ਅਤੇ ਦੇਸ਼ ਦੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੇ ਯਤਨਾਂ ਦੀ ਮਿਸਾਲ ਦਿਤੀ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਅਤੇ ਏਕਤਾ ਵਿਚ ਹੈ।
ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਫੇਰੀ ਦੌਰਾਨ ਸਿੱਖਾਂ ਦੀ ਕੀਤੀ ਗਈ ਤਾਰੀਫ਼ ਅਤੇ ਹੁਣ ਖ਼ੁਦ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਲੋਂ ਗੁਰਦੁਆਰਾ ਸਾਹਿਬ ਜਾ ਕੇ ਦਿਤਾ ਗਿਆ ਇਹ ਬਿਆਨ ਕੱਟੜਪੰਥੀ ਸੋਚ ਰੱਖਣ ਵਾਲੇ ਅਨਸਰਾਂ ਦੇ ਨਕਾਰਾਤਮਕ ਪ੍ਰਚਾਰ ਨੂੰ ਇਕ ਕਰਾਰੇ ਜਵਾਬ ਵਜੋਂ ਦੇਖਿਆ ਜਾ ਰਿਹਾ। ਇਹ ਸਰਕਾਰੀ ਮਾਨਤਾ ਸਾਬਤ ਕਰਦੀ ਹੈ ਕਿ ਸਿੱਖ ਭਾਈਚਾਰਾ ਨਿਊਜ਼ੀਲੈਂਡ ਸਮਾਜ ਦਾ ਇੱਕ ਅਟੁੱਟ ਅਤੇ ਸਤਿਕਾਰਤ ਹਿੱਸਾ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਜਾਂ ਨਫ਼ਰਤ ਨਾਲ ਅਲੱਗ ਨਹੀਂ ਕੀਤਾ ਜਾ ਸਕਦਾ।
