ਸਾਰੇ ਜਹਾਜ਼ਾਂ ਨੂੰ ਹੁਣ ਇਰਾਨੀ ਅਧਿਕਾਰੀਆਂ ਨੂੰ ਈਮੇਲ ਕਰ ਕੇ ਅਗਾਊਂ ਇਜਾਜ਼ਤ ਲੈਣੀ ਪਵੇਗੀ
ਤਹਿਰਾਨ: ਖਾੜੀ ਦੇਸ਼ਾਂ ਵਿਚ ਵਧਦੇ ਤਣਾਅ ਵਿਚਕਾਰ ਇਰਾਨ ਨੇ ਰਣਨੀਤਕ ਤੌਰ ’ਤੇ ਮਹੱਤਵਪੂਰਨ ‘ਸਟਰੇਟ ਆਫ਼ ਹੋਰਮੁਜ਼’ ਰਾਹੀਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਇਕ ਨਵੀਂ ਪ੍ਰਣਾਲੀ ਲਾਗੂ ਕਰ ਦਿਤੀ ਹੈ। ਇਰਾਨੀ ਸਰਕਾਰੀ ਮੀਡੀਆ ਅਨੁਸਾਰ ਇਸ ਖੇਤਰ ਵਿਚ ਹੁਣ ਇਕ ਪ੍ਰਭੂਸੱਤਾ ਪ੍ਰਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਹੈ। ਨਵੇਂ ਨਿਯਮਾਂ ਅਨੁਸਾਰ ਇਸ ਮਹੱਤਵਪੂਰਨ ਜਲਮਾਰਗ ਰਾਹੀਂ ਗੁਜ਼ਰਨ ਦੀ ਯੋਜਨਾ ਬਣਾਉਣ ਵਾਲੇ ਸਾਰੇ ਜਹਾਜ਼ਾਂ ਨੂੰ ਹੁਣ ਇਰਾਨੀ ਅਧਿਕਾਰੀਆਂ ਨੂੰ ਈਮੇਲ ਕਰ ਕੇ ਅਗਾਊਂ ਇਜਾਜ਼ਤ ਲੈਣੀ ਪਵੇਗੀ। ਰਿਪੋਰਟਾਂ ਅਨੁਸਾਰ ਜਹਾਜ਼ਾਂ ਨੂੰ ਇਸ ਖੇਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਅਪਣੀ ਕਾਰਜ ਪ੍ਰਣਾਲੀ ਵਿਚ ਲੋੜੀਂਦੇ ਬਦਲਾਅ ਕਰਨੇ ਹੋਣਗੇ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉਹ ਅੱਗੇ ਵਧ ਸਕਣਗੇ। ਹੈਰਾਨੀ ਦੀ ਗੱਲ ਹੈ ਕਿ ਇਰਾਨ ਭਾਰਤ ਤੋਂ ਵੀ ਟੋਲ ਵਸੂਲੇਗਾ।
ਦੁਨੀਆਂ ਦੇ ਤੇਲ ਦਾ 20 ਪ੍ਰਤੀਸ਼ਤ ਇਸ ਜਲ ਮਾਰਗ ਤੋਂ ਲੰਘਦਾ ਹੈ। ਨਵੀਂ ਪ੍ਰਣਾਲੀ ਤਹਿਤ ਇਸ ਜਲ ਮਾਰਗ ਰਾਹੀਂ ਆਵਾਜਾਈ ਦੀ ਯੋਜਨਾ ਬਣਾ ਰਹੀਆਂ ਸ਼ਿਪਿੰਗ ਕੰਪਨੀਆਂ ਨੂੰ ਹੁਣ ਫਾਰਸੀਅਨ ਗਲਫ਼ ਸਟਰੇਟ ਅਥਾਰਟੀ ਨਾਲ ਜੁੜੇ ਪਤੇ ਤੋਂ ਇਲੈਕਟਰਾਨਿਕ ਨਿਰਦੇਸ਼ ਪ੍ਰਾਪਤ ਹੋਣਗੇ। ਇਰਾਨ ਨੇ 28 ਫ਼ਰਵਰੀ ਤੋਂ ਹੀ ਅਪਣਾ ਰੁਖ਼ ਸਖ਼ਤ ਕਰਦਿਆਂ ਅਮਰੀਕਾ ਅਤੇ ਇਜ਼ਰਾਈਲ ਨਾਲ ਸਬੰਧਤ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਦੇਣ ਤੋਂ ਇਨਕਾਰ ਕਰ ਦਿਤਾ ਹੈ। ਇਹ ਫ਼ੈਸਲਾ ਇਰਾਨੀ ਖੇਤਰ ’ਤੇ ਹੋਏ ਸਾਂਝੇ ਹਮਲਿਆਂ ਦੇ ਜਵਾਬ ਵਜੋਂ ਲਿਆ ਗਿਆ ਸੀ। ਇਰਾਨ ਦੀ ਸੰਸਦ ਵਿਚ ਹੁਣ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਦੇਸ਼ਾਂ ਦੇ ਜਹਾਜ਼ਾਂ ’ਤੇ ਪਾਬੰਦੀਆਂ ਨੂੰ ਰਸਮੀ ਰੂਪ ਦੇਵੇਗਾ ਅਤੇ ਹੋਰ ਗ਼ੈਰ-ਦੁਸ਼ਮਣ ਜਹਾਜ਼ਾਂ ਲਈ ਵੀ ‘ਟੋਲ ਸਿਸਟਮ’ ਸ਼ੁਰੂ ਕਰੇਗਾ।
ਭਾਰਤੀ ਮੀਡੀਆ ਆਉਟਲੈਟ ਦਿ ਰੈੱਡ ਮਾਈਕ ਨਾਲ ਗੱਲ ਕਰਦੇ ਹੋਏ ਤਹਿਰਾਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸਈਦ ਮੁਹੰਮਦ ਮਰਾਂਡੀ ਨੇ ਕਿਹਾ, ‘ਭਾਰਤ ਇਕ ਦੋਸਤ ਦੇਸ਼ ਹੈ ਪਰ ਹੋਰਮੁਜ਼ ਟੋਲ ਸਾਰਿਆਂ ’ਤੇ ਲਾਗੂ ਹੋਵੇਗਾ।’ ਪ੍ਰੋਫ਼ੈਸਰ ਮਰਾਂਡੀ ਉਸ ਵਫ਼ਦ ਦਾ ਹਿੱਸਾ ਸਨ ਜੋ ਜੰਗਬੰਦੀ ਤੋਂ ਬਾਅਦ ਅਮਰੀਕਾ ਨਾਲ ਸ਼ਾਂਤੀ ਵਾਰਤਾ ’ਤੇ ਚਰਚਾ ਕਰਨ ਲਈ ਇਸਲਾਮਾਬਾਦ ਗਿਆ ਸੀ। ਇਹ ਨਵੀਆਂ ਪਾਬੰਦੀਆਂ ਅਜਿਹੇ ਸਮੇਂ ਲਗਾਈਆਂ ਗਈਆਂ ਹਨ ਜਦੋਂ ਅਮਰੀਕਾ ਅਤੇ ਇਰਾਨ ਵਿਚਕਾਰ 11-12 ਅਪ੍ਰੈਲ ਨੂੰ ਇਸਲਾਮਾਬਾਦ ਵਿਚ ਹੋਈ ਗੱਲਬਾਤ ਬੇਸਿੱਟਾ ਰਹੀ ਸੀ। ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਅਮਰੀਕਾ ਨੇ ਇਰਾਨੀ ਬੰਦਰਗਾਹਾਂ ਨੂੰ ਜਾਣ ਵਾਲੇ ਜਹਾਜ਼ਾਂ ’ਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿਤੀਆਂ ਹਨ। ਫ਼ਿਲਹਾਲ ਇਸ ਖੇਤਰ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ।
