ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਅਸਾਰ
ਔਟਵਾ : ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰੀਪੋਰਟ ਅਨੁਸਾਰ, ਓਂਟੇਰਿਓ ਵਿਚ 2025-26 ਅਕਾਦਮਿਕ ਸਾਲ ਦੌਰਾਨ ਲਗਭਗ 92,000 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਦੀ ਸੰਭਾਵਨਾ ਹੈ, ਜੋ ਕਿ ਕੁਲ ਵਿਦਿਆਰਥੀਆਂ ਦਾ ਇਕ ਤਿਹਾਈ ਤੋਂ ਵੱਧ ਹਿੱਸਾ ਬਣਦੀ ਹੈ। ਇਹ ਕਮੀ ਫ਼ੈਡਰਲ ਸਰਕਾਰ ਵਲੋਂ ਜਨਵਰੀ 2024 ਵਿਚ ਲਾਗੂ ਕੀਤੇ ਗਏ ‘ਸਟੂਡੈਂਟ ਪਰਮਿਟ ਕੈਪ’ ਕਾਰਨ ਆ ਰਹੀ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ’ਚ ਟੋਰਾਂਟੋ ਯੂਨੀਵਰਸਿਟੀ ਦੇ ਪੀ.ਐਚ.ਡੀ. ਵਿਦਿਆਰਥੀ ਅਮੀਰ ਮੁਕੱਦਮ ਨੇ ਕਿਹਾ, ‘‘ਅਸੀਂ ਕੈਨੇਡਾ ਇਸ ਲਈ ਆਏ ਸੀ ਕਿਉਂਕਿ ਇੱਥੇ ਸਵਾਗਤੀ ਮਾਹੌਲ ਸੀ, ਪਰ ਹੁਣ ਸਰਕਾਰ ਦੀ ਭਾਸ਼ਾ ਅਤੇ ਨੀਤੀਆਂ ਵੇਖ ਕੇ ਉਹ ਮਾਹੌਲ ਨਹੀਂ ਰਿਹਾ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਵਧ ਰਹੀ ਮਹਿੰਗਾਈ ਅਤੇ ਘੱਟ ਫੰਡਿੰਗ ਪਹਿਲਾਂ ਹੀ ਸਮੱਸਿਆ ਸੀ, ਪਰ ਹੁਣ ਵਿਦਿਆਰਥੀਆਂ ਨੂੰ ਹੀ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਜੌਰਜ ਬ੍ਰਾਊਨ ਪੌਲੀਟੈਕਨਿਕ ਦੇ ਪ੍ਰੋਫੈਸਰ ਜੈਫ਼ ਬ੍ਰਾਊਨ ਨੇ ਕਿਹਾ, ‘‘ਜੇਕਰ ਸਿਸਟਮ ਪਹਿਲਾਂ ਤੋਂ ਹੀ ਫੰਡਾਂ ਦੀ ਕਮੀ ਨਾਲ ਜੂਝ ਨਾ ਰਿਹਾ ਹੁੰਦਾ ਤਾਂ ਇਸ ਕੈਪ ਦਾ ਇੰਨਾ ਵੱਡਾ ਅਸਰ ਨਾ ਹੁੰਦਾ।’’ ਉਧਰ ਓਂਟੇਰਿਓ ਸਰਕਾਰ ਦੀ ਬੁਲਾਰਨ ਬਿਆਂਕਾ ਜਿਆਕੋਬੋਨੀ ਨੇ ਦਾਅਵਾ ਕੀਤਾ ਕਿ ਪਰਮਿਟ ਕੈਪ ਦੇ ਬਾਵਜੂਦ ਸੂਬਾ ਸਰਕਾਰ ਨੇ ਪੋਸਟ-ਸੈਕੰਡਰੀ ਸਿੱਖਿਆ ਲਈ ਇਤਿਹਾਸਕ ਨਿਵੇਸ਼ ਕੀਤਾ ਹੈ ਅਤੇ 6.4 ਅਰਬ ਡਾਲਰ ਦੀ ਵਾਧੂ ਰਕਮ ਦਿਤੀ ਜਾ ਰਹੀ ਹੈ।
ਯੂਨੀਵਰਸਿਟੀ ਫੈਕਲਟੀ ਐਸੋਸੀਏਸ਼ਨਜ਼ ਦੇ ਪ੍ਰੈਜ਼ੀਡੈਂਟ ਰੌਬ ਕ੍ਰਿਸਟੋਫ਼ਰਸਨ ਨੇ ਚੇਤਾਵਨੀ ਦਿਤੀ ਕਿ ਓਂਟੇਰਿਓ ਦੀ ਅੰਤਰਰਾਸ਼ਟਰੀ ਸਿੱਖਿਆ ਦਾ ਅਕਸ ਵਿਸ਼ਵ ਪੱਧਰ ’ਤੇ ਨੁਕਸਾਨ ਝੱਲ ਰਿਹਾ ਹੈ ਅਤੇ ਸਰਕਾਰ ਨੂੰ ਮਜ਼ਬੂਤ ਫੰਡਿੰਗ ਨਾਲ ਸਿਸਟਮ ਨੂੰ ਦੁਬਾਰਾ ਖੜਾ ਕਰਨਾ ਪਵੇਗਾ। ਇਹ ਰੀਪੋਰਟ ਸੂਬੇ ਦੇ ਸਿੱਖਿਆ ਖੇਤਰ ਲਈ ਵੱਡੀ ਚੁਨੌਤੀ ਵਜੋਂ ਸਾਹਮਣੇ ਆਈ ਹੈ।
