‘ਸਾਰੇ ਭਾਰਤੀਆਂ ਨੂੰ ਮਾਰ ਦਿਉ' ਵਰਗੇ ਕੰਧਾਂ 'ਤੇ ਲਿਖੇ ਨਾਹਰੇ
ਨਵੀਂ ਦਿੱਲੀ: ਅਮਰੀਕਾ ਤੇ ਇੰਗਲੈਂਡ ਵਰਗੇ ਦੇਸ਼ਾਂ ਮਗਰੋਂ ਹੁਣ ਨਿਊਜ਼ੀਲੈਂਡ ਤੋਂ ਵੀ ਭਾਰਤੀ ਭਾਈਚਾਰੇ ਵਿਰੁਧ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਬੀਤੇ ਦਿਨੀਂ ਆਕਲੈਂਡ ਦੇ ਕੁੱਝ ਇਲਾਕਿਆਂ ’ਚ ਕੰਧਾਂ ’ਤੇ ‘ਸਾਰੇ ਭਾਰਤੀਆਂ ਨੂੰ ਮਾਰ ਦਿਉ’ ਵਰਗੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ, ਜਿਸ ਮਗਰੋਂ ਉੱਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ’ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਇਸ ਮਾਮਲੇ ’ਚ ਕਿਸੇ ਵੀ ਭਾਰਤੀ ਨਾਗਰਿਕ ਨੂੰ ਉੱਥੇ ਕਿਸੇ ਵੀ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਫ਼ਿਲਹਾਲ ਨਹੀਂ ਕਰਨਾ ਪਿਆ ਪਰ ਉੱਥੋਂ ਦੇ ਮਾਓਰੀ ਭਾਈਚਾਰੇ ਦੇ ਲੋਕਾਂ ਵਲੋਂ 2 ਵਾਰ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ‘ਇਹ ਭਾਰਤ ਨਹੀਂ ਹੈ..’ ਵਰਗੇ ਨਾਅਰੇ ਲਗਾਏ ਗਏ ਸਨ।
ਇਸ ਘਟਨਾ ਮਗਰੋਂ ਨਿਊਜ਼ੀਲੈਂਡ ਪ੍ਰਸ਼ਾਸਨ ਨੇ ਮਾਮਲੇ ਨੂੰ ਬੜੇ ਧਿਆਨਪੂਰਵਕ ਹੱਲ ਕੀਤਾ, ਜਿਸ ਮਗਰੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਇਥੇ ਦੁਬਾਰਾ ਦੇਖਣ ਨੂੰ ਨਹੀਂ ਮਿਲੀ। ਅਜਿਹੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਉੱਥੇ ਰਹਿੰਦੇ ਇਕ ਭਾਰਤੀ ਨਾਗਰਿਕ ਕਰਨਦੀਪ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕਹਿ ਰਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਨੂੰਨ ਬਹੁਤ ਸਖ਼ਤ ਹੈ ਤੇ ਅਜਿਹੇ ਮਾਮਲਿਆਂ ਨੂੰ ਬੜੀ ਸਖ਼ਤੀ ਨਾਲ ਨਜਿੱਠਦਾ ਹੈ। (ਏਜੰਸੀ)
