ਜਸਪਾਲ ਸਿੰਘ ਗਿੱਲ ਦਾ ਪੁਲਿਸ ਅਫ਼ਸਰ ਬਣਨ ਦਾ ਸੁਪਨਾ ਟੁੱਟਿਆ
ਵਿਨੀਪੈਗ : ਕੈਨੇਡਾ ’ਚ ਇਕ ਸਿੱਖ ਨੌਜਵਾਨ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕਣ ਰੋਕਿਆ ਗਿਆ ਹੈ। ਘਟਨਾ ਕੈਨੇਡਾ ਦੇ ਸੂਬੇ ਮੈਨੀਟੋਭਾ ਦੀ ਰਾਜਧਾਨੀ ਵਿਨੀਪੈਗ ਵਿਚ ਵਾਪਰੀ । ਸਿੱਖ ਨੌਜਵਾਨ ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਪੁਲੀਸ ਭਰਤੀ ਪ੍ਰੀਖਿਆ ਦੇਣ ਲਈ ਗਿਆ ਸੀ, ਜਿਥੇ ਉਸ ਨੂੰ ਪ੍ਰੀਖਿਆ ਦੇਣ ਲਈ ਸ੍ਰੀ ਸਾਹਿਬ ਉਤਾਰਨ ਲਈ ਕਿਹਾ ਗਿਆ। ਜਸਪਾਲ ਸਿੰਘ ਨੇ ਸ੍ਰੀ ਸਾਹਿਬ ਉਤਾਰਨ ਤੋਂ ਇਨਕਾਰ ਕਰ ਦਿੱਤਾ ਜਿਸ ਮਗਰੋਂ ਉਸ ਨੂੰ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ। ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਸ ਦਾ ਪੁਲੀਸ ਅਧਿਕਾਰੀ ਬਣਨ ਦਾ ਸੁਪਨਾ ਤੋੜ ਦਿਤਾ ਹੈ। ਦਰਅਸਲ ਜਸਪਾਲ ਸਿੰਘ ਗਿੱਲ ਦਾ ਪੁਲੀਸ ਸੇਵਾ ਵਿਚ ਸ਼ਾਮਲ ਹੋਣਾ ਇਕ ਨਿੱਜੀ ਟੀਚਾ ਵੀ ਸੀ ਕਿਉਂਕਿ ਉਸ ਦੇ ਦਾਦਾ ਅਤੇ ਪਿਤਾ ਭਾਰਤ ਵਿਚ ਪੁਲੀਸ ਅਧਿਕਾਰੀ ਸਨ। ਗਿੱਲ ਜੋ ਕੇ 2021 ਵਿਚ ਭਾਰਤ ਤੋਂ ਨਿਊ ਬਰੰਜ਼ਵਿਕ ਵਿਚ ਗਿਆ ਸੀ ਅਤੇ 2024 ਵਿਚ ਉਹ ਕੈਨੇਡਾ ਦਾ ਸਥਾਈ ਵਾਸੀ ਬਣ ਗਿਆ ਅਤੇ ਪਿਛਲੀਆਂ ਗਰਮੀਆਂ ਵਿਚ ਹੀ ਉਹ ਵਿਨੀਪੈਗ ਆਇਆ ਸੀ।
ਜਸਪਾਲ ਸਿੰਘ ਗਿੱਲ ਆਪਣੇ ਭਾਈਚਾਰੇ ਦੀ ਸੇਵਾ ਕਰਨ ਲਈ ਪੁਲੀਸ ਅਧਿਕਾਰੀ ਬਣਨਾ ਚਾਹੁੰਦਾ ਹੈ ਅਤੇ ਉਹ ਲੰਬੇ ਸਮੇਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਜਸਪਾਲ ਸਿੰਘ ਗਿੱਲ ਦਾ ਆਖਣਾ ਹੈ ਕਿ ਉਸ ਨਾਲ ਵਿਤਕਰਾ ਹੋਇਆ ਹੈ ਤੇ ਵਿਤਕਰਾ ਕੈਨੇਡਾ ਵਿਚ ਧਾਰਮਿਕ ਅਤੇ ਚਾਰਟਰ ਅਧਿਕਾਰਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਵਿਨੀਪੈਗ ਪੁਲੀਸ ਦਾ ਕਹਿਣਾ ਹੈ ਕਿ ਪ੍ਰੀਖਿਆ ਦੌਰਾਨ ਸੁਰੱਖਿਅਤ ਮਾਪਦੰਡਾਂ ਕਾਰਨ ਉਸ ਨੂੰ ਪੂਰੇ ਸਨਮਾਨ ਨਾਲ ਕ੍ਰਿਪਾਨ ਉਤਾਰਨ ਲਈ ਕਿਹਾ ਗਿਆ ਸੀ ਪਰ ਗਿੱਲ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਜਸਪਾਲ ਸਿੰਘ ਨੇ ਅਪ੍ਰੈਲ ਦੇ ਅਖੀਰ ਵਿਚ ਪੁਲੀਸ ਦੇ ਡਾਊਨ ਟਾਊਨ ਹੈੱਡਕੁਆਰਟਰ ਵਿਚ ਵਿਨੀਪੈਗ ਪੁਲੀਸ ਸਰਵਿਸ ਵਾਸਤੇ ਅਪਲਾਈ ਕੀਤਾ ਸੀ। ਜਸਪਾਲ ਸਿੰਘ ਗਿੱਲ ਨੇ ਆਖਿਆ ਕਿ ਪੁਲੀਸ ਨੇ ਉਸ ਦੇ ਚਾਰਟਰ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਸਾਲ 2006 ਦੇ ਕੈਨੇਡਾ ਦੀ ਸੁਪਰੀਮ ਕੋਰਟ ਦੇ ਫ਼ੈਸਲੇ ਵਲ ਇਸ਼ਾਰਾ ਕੀਤਾ ਜਿਸ ਵਿਚ ਸਿੱਖਾਂ ਦੇ ਕਿਰਪਾਨ ਲਿਜਾਣ 'ਤੇ ਪਾਬੰਦੀ ਲਗਾਉਣ ਨੂੰ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਦਸਿਆ ਗਿਆ ਸੀ। ਸੁਪਰੀਮ ਕੋਰਟ ਨੇ ਫ਼ੈਸਲਾ ਦਿਤਾ ਸੀ ਕਿ ਸ੍ਰੀ ਸਾਹਿਬ ਹਥਿਆਰ ਨਹੀਂ ਹੈ। ਅੰਮ੍ਰਿਤਧਾਰੀ ਸਿੱਖਾਂ ਨੂੰ ਅਦਾਲਤਾਂ ਵਿਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ, ਉਨ੍ਹਾਂ ਨੂੰ ਵਿਧਾਨ ਸਭਾ ਵਿਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ ਅਤੇ ਘਰੇਲੂ ਉਡਾਣਾਂ ਵਿਚ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਹੈ। ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਆਪਣੀ ਨੀਤੀ 'ਤੇ ਗ਼ੌਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਬਦਲਣਾ ਚਾਹੀਦਾ ਹੈ। “ਮੇਰਾ ਮੰਨਣਾ ਹੈ ਕਿ ਹੋਰ ਬਹੁਤ ਸਾਰੇ ਸਿੱਖ ਬਿਨੈਕਾਰਾਂ ਨੂੰ ਪੁਲੀਸ ਸੇਵਾਵਾਂ ਲਈ ਅਰਜ਼ੀ ਦੇਣ ਤੋਂ ਨਿਰਾਸ਼ ਹੋਣਾ ਪਵੇਗਾ।” ਉਹ ਮੈਨੀਟੋਬਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਾਇਰ ਕਰਨ ਬਾਰੇ ਵਿਚਾਰ ਕਰ ਸਕਦਾ ਹੈ।
