'ਸਰਕਾਰ ਸ਼ਾਂਤਮਈ ਪ੍ਰਚਾਰ ਅਤੇ ਹਿੰਸਾ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਵਿਚਾਲੇ ਫ਼ਰਕ ਕਰੇ'
ਨਵੀਂ ਦਿੱਲੀ: ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ। ਉਨ੍ਹਾਂ ਓਟਾਵਾ (ਕੈਨੇਡਾ ਸਰਕਾਰ) ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਸਿਆਸੀ ਪ੍ਰਚਾਰ ਅਤੇ ਹਿੰਸਾ, ਫਿਰੌਤੀ ਤੇ ਸੰਗਠਿਤ ਅਪਰਾਧ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਵਿਚਾਲੇ ਫ਼ਰਕ ਕਰੇ।
ਕੈਨੇਡੀਅਨ ਪਬਲਿਕ ਪ੍ਰਸਾਰਕ ਸੀ.ਪੀ.ਏ.ਸੀ. ਨੂੰ ਦਿਤੇ ਇੰਟਰਵਿ`ਊ ਵਿਚ ਪਟਨਾਇਕ ਨੇ ਕਿਹਾ ਕਿ ਭਾਰਤ ਵਿਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਅਤੇ ਕੈਨੇਡਾ ਨੂੰ ਉਥੇ ਰਹਿ ਰਹੇ ਕੱਟੜਪੰਥੀਆਂ ਦੇ ਇਕ ਛੋਟੇ ਸਮੂਹ ਦੀਆਂ ਗਤੀਵਿਧੀਆਂ ’ਤੇ ਧਿਆਨ ਦੇਣ ਦੀ ਲੋੜ ਹੈ, ਉਨ੍ਹਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਨਾਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਇਹ ਸਮਝਣਾ ਪਵੇਗਾ ਕਿ ਵੱਖਵਾਦੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਉਸ ਦੀ ਅਪਣੀ ਧਰਤੀ ’ਤੇ ਹੋ ਰਹੀਆਂ ਹਨ।
ਪਟਨਾਇਕ ਨੇ ਕਿਹਾ ਕਿ ਸਿੱਖਾਂ ਨੂੰ ਵੱਖਰੇ ਦੇਸ਼ ਲਈ ਸ਼ਾਂਤਮਈ ਢੰਗ ਨਾਲ ਅਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਪਰ ਭਾਰਤ ਹਿੰਸਾ, ਕਤਲ ਅਤੇ ਅਤਿਵਾਦ ਨੂੰ ਜਾਇਜ਼ ਠਹਿਰਾਉਣ ਦਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ, ‘‘ਕੈਨੇਡੀਅਨ, ਸਿੱਖ, ਭਾਰਤੀ, ਇਨ੍ਹਾਂ ਸਾਰਿਆਂ ਨੂੰ ਸ਼ਾਂਤਮਈ ਢੰਗ ਨਾਲ ਅਪਣੀ ਸੋਚ ਜਾਂ ਵਿਚਾਰਾਂ ਦੇ ਪੱਖ ਵਿਚ ਗੱਲ ਕਰਨ ਦਾ ਹੱਕ ਹੈ।’’
ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਂਤਮਈ ਢੰਗ ਨਾਲ ਅਪਣੀ ਗੱਲ ਰੱਖਣ ’ਤੇ ਭਾਰਤ ਨੂੰ ਕੋਈ ਇਤਰਾਜ਼ ਨਹੀਂ ਹੈ। ਭਾਰਤੀ ਰਾਜਦੂਤ ਨੇ ਪੂਰੇ ਸਿੱਖ ਭਾਈਚਾਰੇ ਅਤੇ ਗਰਮ ਖਿਆਲੀਆਂ ਵਿਚਲਾ ਫ਼ਰਕ ਦਰਸਾਉਣ ਲਈ ਟੋਰਾਂਟੋ ਵਿਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਦੀ ਮਿਸਾਲ ਦਿਤੀ। ਉਨ੍ਹਾਂ ਦੱਸਿਆ ਕਿ ਜਿੱਥੇ ਲਗਪਗ 45,000 ਲੋਕਾਂ ਨੇ ਸ਼ੋਅ ਵਿਚ ਹਿੱਸਾ ਲਿਆ, ਉਥੇ ਹੀ ਕਰੀਬ 15 ਗਰਮ ਖਿਆਲੀਆਂ ਦੇ ਇਕ ਸਮੂਹ ਨੇ ਸਮਾਗਮ ਵਾਲੀ ਥਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਇਨ੍ਹਾਂ 15 ਲੋਕਾਂ ਦੀ ਤੁਲਨਾ ਉਨ੍ਹਾਂ 45,000 ਲੋਕਾਂ ਨਾਲ ਕਰਨ ਲੱਗ ਜਾਵੋਗੇ, ਤਾਂ ਸਾਡੇ ਅੱਗੇ ਵਧਣ ਦਾ ਕੋਈ ਰਾਹ ਨਹੀਂ ਬਚੇਗਾ।’’ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਨਵੀਂ ਦਿੱਲੀ ਅਤੇ ਓਟਾਵਾ 2023 ਦੇ ਵੱਡੇ ਕੂਟਨੀਤਕ ਵਿਵਾਦ ਤੋਂ ਬਾਅਦ ਅਪਣੇ ਸਬੰਧਾਂ ਨੂੰ ਮੁੜ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। (ਏਜੰਸੀ)
