ਇਹ ਘਟਨਾ ਯੂਰੇਨੀਅਮ ਖੋਜ ਸਥਾਨ 'ਤੇ ਵਾਪਰੀ ਦੱਸੀ ਜਾ ਰਹੀ ਹੈ
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸਸਕਾਚਵਨ ਸੂਬੇ ਦੇ ਉਤਰੀ ਖੇਤਰ ਦੇ ਜੰਗਲੀ ਇਲਾਕੇ ’ਚ ਇਕ ਕਾਲੇ ਰਿੱਛ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦੌਰਾਨ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ।
ਇਹ ਘਟਨਾ ਯੂਰੇਨੀਅਮ ਖੋਜ ਸਥਾਨ ’ਤੇ ਵਾਪਰੀ ਦੱਸੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ 27 ਸਾਲਾ ਨੌਜਵਾਨ ਉਕਤ ਖੋਜ ਸਥਾਨ ’ਤੇ ਕੰਮ ਕਰ ਰਿਹਾ ਸੀ, ਜਦੋਂ ਅਚਾਨਕ ਇਕ ਕਾਲੇ ਰਿੱਛ ਨੇ ਉਸ ’ਤੇ ਹਮਲਾ ਕਰ ਦਿਤਾ। ਘਟਨਾ ਮਗਰੋਂ ਤੁਰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ ਪਰ ਨੌਜਵਾਨ ਦੀ ਜਾਨ ਨਹੀਂ ਬਚ ਸਕੀ। ਸਸਕਾਚਵਨ ਦੇ ਦੂਰ- ਦੁਰਾਡੇ ਜੰਗਲੀ ਇਲਾਕੇ ਵਿਚ ਜੰਗਲੀ ਜੀਵਾਂ ਦੀ ਮੌਜੂਦਗੀ ਆਮ ਗੱਲ ਮੰਨੀ ਜਾਂਦੀ ਹੈ।
ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਮਗਰੋਂ ਸਥਾਨਕ ਭਾਈਚਾਰੇ ਤੇ ਸਾਥੀ ਕਰਮਚਾਰੀਆਂ ਵਿਚ ਸੋਗ ਦਾ ਮਾਹੌਲ ਹੈ। ਕਈ ਲੋਕਾਂ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
