ਅਲ-ਦੀਨ ਅਲ-ਹੱਦਾਦ ਨੂੰ 2023 ਦੇ ਹਮਲਿਆਂ ਦੇ ਸਾਜ਼ਿਸ਼ਕਰਤਾਵਾਂ ’ਚੋਂ ਇੱਕ ਮੰਨਿਆ ਜਾਂਦਾ ਸੀ
ਤੇਲ ਅਵੀਵ : ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਸ਼ੁੱਕਰਵਾਰ ਨੂੰ ਗਾਜ਼ਾ ਵਿੱਚ ਕੀਤੇ ਗਏ ਇੱਕ ਹਵਾਈ ਹਮਲੇ ਵਿੱਚ ਹਮਾਸ ਦੇ ਫੌਜੀ ਵਿੰਗ ਦੇ ਮੁਖੀ ਇਜ਼ ਅਲ-ਦੀਨ ਅਲ-ਹੱਦਾਦ ਨੂੰ ਮਾਰ ਦਿੱਤਾ ਗਿਆ ਹੈ। ਅਲ-ਹੱਦਾਦ ਨੂੰ 7 ਅਕਤੂਬਰ 2023 ਦੇ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।
ਇਜ਼ਰਾਈਲੀ ਫੌਜ ਮੁਤਾਬਕ, ‘‘ਉਹ ਹਮਾਸ ਦੀ ਫੌਜ ਦੇ ਉਨ੍ਹਾਂ ਆਖਰੀ ਸੀਨੀਅਰ ਕਮਾਂਡਰਾਂ ਵਿੱਚੋਂ ਇੱਕ ਸੀ, ਜਿਸ ਨੇ 7 ਅਕਤੂਬਰ ਦੇ ਹਮਲਿਆਂ ਦੀ ਯੋਜਨਾਬੰਦੀ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਦੀ ਅਗਵਾਈ ਕੀਤੀ ਸੀ।’’ ਫੌਜ ਨੇ ਇਹ ਵੀ ਦੋਸ਼ ਲਾਇਆ ਕਿ ‘‘ਅਲ-ਹੱਦਾਦ ਨੇ ਹਮਲੇ ਤੋਂ ਬਚਣ ਲਈ ਆਪਣੇ ਆਲੇ-ਦੁਆਲੇ ਇਜ਼ਰਾਈਲੀ ਬੰਧਕਾਂ ਨੂੰ ਇੱਕ ‘ਢਾਲ’ ਵਜੋਂ ਰੱਖਿਆ ਹੋਇਆ ਸੀ।’’
ਦੂਜੇ ਪਾਸੇ ਅਲ-ਹੱਦਾਦ ਦੇ ਪਰਿਵਾਰ ਨੇ ਵੀ ਇਸ ਹਮਲੇ ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਦੇ ਫੌਜ ਮੁਖੀ ਨੇ ਇਸ ਕਾਰਵਾਈ ਨੂੰ ਇੱਕ ‘ਮਹੱਤਵਪੂਰਨ ਮੁਹਿੰਮ’ ਦੱਸਦਿਆਂ ਕਿਹਾ ਕਿ ਉਹ ਆਪਣੇ ਦੁਸ਼ਮਣਾਂ ਨੂੰ ਜਵਾਬਦੇਹ ਠਹਿਰਾਉਣ ਲਈ ਪਿੱਛਾ ਕਰਨਾ ਜਾਰੀ ਰੱਖਣਗੇ।
