ਖ਼ਬਰਾਂ |

ਤਾਜ਼ਾ |

ਏ.ਪੀ. ਢਿੱਲੋਂ ਦੇ ਘਰ 'ਤੇ ਹਮਲੇ ਦਾ ਮਾਮਲਾ, ਮੁਲਜ਼ਮ ਅਭੀਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ
Published : Jun 16, 2026, 5:36 pm IST
Updated : Jun 16, 2026, 5:36 pm IST
SHARE ARTICLE
A.P. Dhillon's house attack case, accused Abhijit Kingra to be deported from Canada
A.P. Dhillon's house attack case, accused Abhijit Kingra to be deported from Canada

ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਵੱਲੋਂ ਹੁਕਮ ਜਾਰੀ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ (ਆਈ ਆਰ ਬੀ) ਨੇ ਬਿਸ਼ਨੋਈ ਗੈਂਗ ਨਾਲ ਸਬੰਧਤ ਇੱਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ। ਅਭੀਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਆਈ ਆਰ ਬੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ ’ਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਵਿੱਚ ਇੱਕ ਘਰ ਉੱਤੇ 14 ਗੋਲੀਆਂ ਚਲਾਈਆਂ ਸਨ, ਜਦਕਿ ਉਸ ਦੇ ਇੱਕ ਸਾਥੀ ਨੇ ਘਰ ਮਾਲਕਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ।

ਦੋਵਾਂ ਉੱਤੇ ਸਰੀ (ਬੀ.ਸੀ.) ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦੇ ਦੋਸ਼ ਵੀ ਹਨ। ਇਹ ਕਾਰਵਾਈ ਕੈਨੇਡਾ ਭਰ ਵਿੱਚ ਜਬਰਨ ਵਸੂਲੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਇਸ ਸਬੰਧੀ 400 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ 55 ਸ਼ੱਕੀ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਾ ਹੈ।

ਆਈ ਆਰ ਬੀ ਮੈਂਬਰ ਅਜ਼ੀਮ ਲਾਲ ਜੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਇਹ ਤੱਥ ਸਥਾਪਿਤ ਕਰ ਚੁੱਕੀ ਹੈ ਕਿ ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਇਹ ਗੈਂਗ ਕਤਲ, ਗੋਲ਼ੀਬਾਰੀ, ਅੱਗਜ਼ਨੀ, ਜਬਰਨ ਵਸੂਲੀ ਅਤੇ ਧਮਕਾਉਣ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਗੈਂਗ ਨਾਲ ਜੁੜੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਸੁਣਵਾਈ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਉਸ ਨੂੰ 4,000 ਡਾਲਰ ਦੇ ਬਦਲੇ 2 ਸਤੰਬਰ 2024 ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ’ਤੇ ਹਮਲਾ ਕਰਨ ਲਈ ਕਿਹਾ ਗਿਆ ਸੀ। ਉਸ ਨੇ ਕਿਹਾ ਕਿ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਬਿਸ਼ਨੋਈ ਗੈਂਗ ਲਈ ਕੰਮ ਕਰ ਰਿਹਾ ਹੈ ਅਤੇ ਇਹ ਕੰਮ ਉਸ ਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਕੀਤਾ ਸੀ। CBSA ਅਧਿਕਾਰੀ ਜਸਬੀਰ ਸੰਧੂ ਨੇ ਦਲੀਲ ਦਿੱਤੀ ਕਿ ਏ.ਪੀ. ਢਿੱਲੋਂ ਦੇ ਘਰ 'ਤੇ ਹਮਲਾ ਜਬਰਨ ਵਸੂਲੀ ਦਾ ਮਾਮਲਾ ਨਹੀਂ ਸੀ, ਸਗੋਂ ਬਿਸ਼ਨੋਈ ਗੈਂਗ ਵੱਲੋਂ ਆਪਣੀ ਪਹੁੰਚ ਅਤੇ ਤਾਕਤ ਦਾ ਸੁਨੇਹਾ ਦੇਣ ਦੀ ਕੋਸ਼ਸ਼ ਸੀ।

ਹਾਲਾਂਕਿ ਸੀਬੀਐਸਏ ਨੇ ਦਲੀਲ ਦਿੱਤੀ ਕਿ ਗੈਂਗ ਦਾ ਢਾਂਚਾ ਅਜਿਹਾ ਹੈ ਜਿਸ ਵਿੱਚ ਮੈਂਬਰਾਂ ਨੂੰ ਸੰਗਠਨ ਦੇ ਉੱਚ ਪੱਧਰ ਦੇ ਵਿਅਕਤੀਆਂ ਬਾਰੇ ਸੀਮਤ ਜਾਣਕਾਰੀ ਹੁੰਦੀ ਹੈ। ਏਜੰਸੀ ਨੇ ਇਹ ਵੀ ਦਰਸਾਇਆ ਕਿ ਕਿੰਗਰਾ ਨੇ ਦੋ ਅਜਿਹੇ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ ਜਿਨ੍ਹਾਂ ਵਿੱਚ ਸਪੱਸ਼ਟ ਤੌਰ ’ਤੇ ਦਰਜ ਹੈ ਕਿ ਅਪਰਾਧ ਬਿਸ਼ਨੋਈ ਗੈਂਗ ਦੇ ਕਹਿਣ ’ਤੇ ਕੀਤੇ ਗਏ ਸਨ।

ਕਿੰਗਰਾ ਇਸ ਵੇਲੇ ਗੋਲ਼ੀਬਾਰੀ ਦੇ ਮਾਮਲੇ ਵਿੱਚ ਛੇ ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਦੂਜੇ ਮਾਮਲੇ ਵਿੱਚ ਮੁਕੱਦਮੇ ਦੀ ਉਡੀਕ ਕਰ ਰਿਹਾ ਹੈ। ਉਸ ਦੀ ਅਗਲੀ ਅਦਾਲਤੀ ਪੇਸ਼ੀ 18 ਜੂਨ ਨੂੰ ਹੋਣੀ ਹੈ। ਉਸ ਦਾ ਕਥਿਤ ਸਾਥੀ ਵਿਕਰਮ ਸ਼ਰਮਾ ਘਟਨਾਵਾਂ ਤੋਂ ਬਾਅਦ ਭਾਰਤ ਚਲਾ ਗਿਆ ਸੀ ਅਤੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਲੋੜੀਂਦਾ ਕਰਾਰ ਦਿੱਤਾ ਗਿਆ ਹੈ।

ਸੁਣਵਾਈ ਦੌਰਾਨ ਕਿੰਗਰਾ ਨੇ ਆਪਣੇ ਆਪ ਨੂੰ ਭੋਲਾ-ਭਾਲਾ ਨੌਜਵਾਨ ਦੱਸਦਿਆਂ ਕਿਹਾ ਕਿ ਉਸ ਤੋਂ ਗ਼ਲਤੀ ਹੋਈ ਹੈ ਅਤੇ ਉਹ ਇਸ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਾਪਸ ਭੇਜੇ ਜਾਣ ਦੀ ਸੂਰਤ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ, ਪਰ ਰਿਫ਼ਿਊਜੀ ਬੋਰਡ ਨੇ ਕਿਹਾ ਕਿ ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ।

ਸੀ ਬੀ ਐਸ ਏ ਅਧਿਕਾਰੀਆਂ ਨੇ ਸੁਣਵਾਈ ਦੌਰਾਨ ਕਿਹਾ ਕਿ ਬਿਸ਼ਨੋਈ ਗੈਂਗ ਕੈਨੇਡਾ ਵਿੱਚ ਜਬਰਨ ਵਸੂਲੀ, ਨਸ਼ਾ ਤਸਕਰੀ, ਕਤਲ ਅਤੇ ਹੋਰ ਸੰਗਠਿਤ ਅਪਰਾਧਾਂ ਵਿੱਚ ਸਰਗਰਮ ਹੈ। ਏਜੰਸੀ ਮੁਤਾਬਕ ਗੈਂਗ ਦੀਆਂ ਗਤੀਵਿਧੀਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਵਿੱਚ ਸਭ ਤੋਂ ਵੱਧ ਦੇਖੀਆਂ ਗਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement