ਅਮਰੀਕਾ ਵੱਲੋਂ ਇਰਾਨ ਨੂੰ ਦਿੱਤੀ ਜਾ ਸਕਦੀ ਹੈ 28 ਲੱਖ ਕਰੋੜ ਦੀ ਸਹਾਇਤਾ
ਤੇਲ ਅਵੀਵ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ-ਇਰਾਨ ਸਮਝੌਤਾ ਪੂਰਾ ਹੋ ਚੁੱਕਾ ਹੈ ਅਤੇ ਇਸ 'ਤੇ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੇ ਜੇਨੇਵਾ ਵਿੱਚ ਰਸਮੀ ਤੌਰ 'ਤੇ ਦਸਤਖਤ ਕੀਤੇ ਜਾਣਗੇ। ਟਰੰਪ ਨੇ ਕਿਹਾ ਕਿ ਅਮਰੀਕੀ ਵਫ਼ਦ (ਡੈਲੀਗੇਸ਼ਨ) ਦੀ ਅਗਵਾਈ ਉਪ-ਰਾਸ਼ਟਰਪਤੀ ਜੇਡੀ ਵੈਂਸ ਕਰਨਗੇ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਟਰੰਪ, ਜੇਡੀ ਵੈਂਸ ਅਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਡਿਜੀਟਲ ਤੌਰ 'ਤੇ ਸਮਝੌਤੇ 'ਤੇ ਦਸਤਖਤ ਕਰ ਚੁੱਕੇ ਹਨ। ਹਾਲਾਂਕਿ, ਸਮਝੌਤੇ ਦਾ ਪੂਰਾ ਖਰੜਾ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਟਰੰਪ ਨੇ ਕਿਹਾ ਕਿ ਇਹ ਦਸਤਾਵੇਜ਼ ਸ਼ੁੱਕਰਵਾਰ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 14-ਪੁਆਇੰਟਾਂ ਦਾ ਇੱਕ ਸ਼ੁਰੂਆਤੀ ਖਰੜਾ ਤਿਆਰ ਕੀਤਾ ਗਿਆ ਹੈ, ਜਿਸ 'ਤੇ ਅੱਗੇ ਤਕਨੀਕੀ ਪੱਧਰ ਦੀ ਗੱਲਬਾਤ ਹੋਵੇਗੀ। ਉੱਥੇ ਹੀ ਕੁਝ ਰਿਪੋਰਟਾਂ ਅਨੁਸਾਰ, ਈਰਾਨ ਨੂੰ ਆਰਥਿਕ ਸਹਾਇਤਾ ਲਈ ਕਰੀਬ 28 ਲੱਖ ਕਰੋੜ ਰੁਪਏ ਦਾ ਪੈਕੇਜ ਮਿਲ ਸਕਦਾ ਹੈ, ਹਾਲਾਂਕਿ ਇਸਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ।
